ਚੋਣਾਂ ਤੋਂ ਪਹਿਲਾਂ ਕਾਂਗਰਸ ‘ਚ ਬਗਾਵਤ ! ਇਸ ਹਲਕੇ ‘ਚ ਕਾਂਗਰਸ ਹੋਈ ਦੋਫਾੜ

Tags

ਕਾਂਗਰਸ ਵੱਲੋਂ ਮੌਜੂਦਾ ਵਿਧਾਇਕਾ ਇੰਦੂ ਬਾਲਾ ਨੂੰ ਟਿਕਟ ਮਿਲਣ ਤੋਂ ਨਾਰਾਜ਼ ਕਾਂਗਰਸੀਆਂ ਨੇ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜ਼ੀਆਂ ’ਤੇ ਵਿਸ਼ਵਾਸ਼ਘਾਤ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗਿਲਜ਼ੀਆਂ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੀ ਇੰਦੂ ਬਾਲਾ ਨੂੰ ਟਿਕਟ ਦਿਵਾਉਣ ਵਿੱਚ ਮਦਦ ਕੀਤੀ ਹੈ। ਇਸ ਤੋਂ ਖ਼ਫ਼ਾ ਬਾਗ਼ੀ ਕਾਂਗਰਸੀਆਂ ਨੇ ਮਾਨਸਰ-ਮੁਕੇਰੀਆਂ ਰੋਡ ’ਤੇ ਪੈਂਦੇ ਕਾਲਾ ਮੰਜ ’ਤੇ ਜਨਤਕ ਇਕੱਠ ਕਰਦਿਆਂ ਇੰਦੂ ਬਾਲਾ ਨੂੰ ਹਰਾਉਣ ਲਈ ਡਟਣ ਦਾ ਐਲਾਨ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਸੰਗਤ ਸਿੰਘ ਗਿਲਜ਼ੀਆਂ ਦਾ ਮੁਕੇਰੀਆਂ ਹਲਕੇ ਅੰਦਰ ਆਉਣ ’ਤੇ ਵਿਰੋਧ ਕੀਤਾ ਜਾਵੇਗਾ। ਗਿਲਜ਼ੀਆਂ ਦੇ ਹਲਕੇ ਵਿਚ ਜਾ ਕੇ ਉਸ ਖਿਲਾਫ਼ ਪ੍ਰਚਾਰ ਕੀਤਾ ਜਾਵੇਗਾ।

ਕਾਂਗਰਸ ਦੇ ਜ਼ਿਲ੍ਹਾ ਉਪ ਪ੍ਰਧਾਨ ਤਰਸੇਮ ਮਿਨਹਾਸ, ਜ਼ਿਲ੍ਹਾ ਪਰਿਸ਼ਦ ਮੈਂਬਰ ਜਸਵੰਤ ਸਿੰਘ ਰੰਧਾਵਾ, ਸੁਮਿਤ ਡਡਵਾਲ, ਅਮਰਜੀਤ ਸਿੰਘ ਢਾਡੇਕਟਵਾਲ, ਨਰੋਤਮ ਸਿੰਘ ਸਾਬਾ ਤੇ ਡਾ. ਬਹਾਦਰ ਸਿੰਘ ਦੀ ਅਗਵਾਈ ਵਿੱਚ ਹੋਏ ਇਕੱਠ ਦੌਰਾਨ ਬਾਗ਼ੀਆਂ ਨੇ ਦੋਸ਼ ਲਗਾਇਆ ਕਿ ਕਾਂਗਰਸ ਹਾਈਕਮਾਨ ਨੇ ਟਕਸਾਲੀ ਵਰਕਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਬਾਗ਼ੀ ਕਾਂਗਰਸੀਆਂ ਨੇ ਐਲਾਨ ਕੀਤਾ ਕਿ ਉਹ ਹਲਕੇ ਅੰਦਰ ਪਾਰਟੀ ਉਮੀਦਵਾਰ ਬੀਬੀ ਇੰਦੂ ਬਾਲਾ ਦਾ ਹਰ ਪੱਧਰ ’ਤੇ ਵਿਰੋਧ ਕਰਨਗੇ। ਉਹ ਜਲਦ ਹੀ ਸਮੂਹਿਕ ਅਸਤੀਫ਼ੇ ਦੇ ਕੇ ਅੱਠ ਦਾਅਵੇਦਾਰਾਂ ਵਿੱਚੋਂ ਇੱਕ ਉਮੀਦਵਾਰ ਚੁਣ ਕੇ ਚੋਣ ਮੈਦਾਨ ਵਿੱਚ ਉਤਾਰਨਗੇ।