ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅੱਜ ਯਾਨੀ ਬੁੱਧਵਾਰ ਨੂੰ ਫਿਰੋਜ਼ਪੁਰ ’ਚ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਅਤੇ ਭਾਜਪਾ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਲਈ ਫਿਰੋਜ਼ਪੁਰ ਆਏ ਸਨ। ਸਭ ਤੋਂ ਪਹਿਲਾਂ ਉਹ ਹੁਸੈਨੀਵਾਲਾ ਸਥਿਤ ਸ਼ਹੀਦਾਂ ਦੇ ਸਮਾਰਕਾਂ ’ਤੇ ਗਏ ਅਤੇ ਉੱਥੋਂ ਉਨ੍ਹਾਂ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਜਨਤਕ ਤੌਰ ’ਤੇ ਇਹ ਐਲਾਨ ਕੀਤਾ ਗਿਆ ਸੀ ਕਿ ਫਿਰੋਜ਼ਪੁਰ ਦੀ ਰੈਲੀ ’ਚ 2 ਲੱਖ ਤੋਂ ਵੱਧ ਲੋਕ ਪਹੁੰਚਣਗੇ ਪਰ
ਤੇਜ਼ ਮੀਂਹ ਕਾਰਨ ਉੱਥੇ ਹੋਏ ਚਿੱਕੜ ਕਾਰਨ ਲੋਕਾਂ ਦਾ ਰੈਲੀ ਵਾਲੀ ਜਗ੍ਹਾ ਪਹੁੰਚਣਾ ਮੁਸ਼ਕਲ ਹੋ ਗਿਆ ਸੀ ਅਤੇ ਲਗਾਈਆਂ ਗਈਆਂ ਕੁਰਸੀਆਂ ਵੀ ਬਿਲਕੁੱਲ ਖ਼ਾਲੀ ਪਈਆਂ ਹੋਈਆਂ ਸਨ। ਉਸ ਤੋਂ ਬਾਅਦ ਉਨ੍ਹਾਂ ਨੇ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਾ ਸੀ ਅਤੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਫਿਰੋਜ਼ਪੁਰ ’ਚ ਤੇਜ਼ ਮੀਂਹ ਪੈਣ ਕਾਰਨ ਅਤੇ ਮੌਸਮ ਖ਼ਰਾਬ ਹੋਣ ਕਾਰਨ ਉਹ ਹੁਸੈਨੀਵਾਲਾ ਤੋਂ ਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਦਿੱਲੀ ਪਰਤ ਗਏ ਹਨ। ਦੂਜੇ ਪਾਸੇ ਕਿਸਾਨਾਂ ਵਲੋਂ ਜਗ੍ਹਾ-ਜਗ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਗਿਆ, ਉਨ੍ਹਾਂ ਦੇ ਪੁਤਲੇ ਫੂਕੇ ਗਏ ਅਤੇ ਸੜਕਾਂ ਜਾਮ ਕਰ ਦਿੱਤੀਆਂ ਗਈਆਂ। ਜਿਸ ਕਾਰਨ ਬਹੁਤ ਸਾਰੇ ਭਾਜਪਾ ਨੇਤਾ ਅਤੇ ਵਰਕਰ ਫਿਰੋਜ਼ਪੁਰ ਰੈਲੀ ਵਾਲੀ ਜਗ੍ਹਾ ਨਹੀਂ ਪਹੁੰਚ ਸਕੇ।
ਭਾਜਪਾ ਵਲੋਂ ਲੰਬੇ ਸਮੇਂ ਤੋਂ ਇਸ ਰੈਲੀ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਕੇਂਦਰ ਦੇ ਕਈਮੰਤਰੀ ਅਤੇ ਭਾਜਪਾ ਨੇਤਾ ਇੱਥੇ ਰੈਲੀ ਦੀਆਂ ਤਿਆਰੀਆਂ ਕਰਨ ਲਈ ਪਹੁੰਚੇ ਸਨ ਪਰ ਅੱਜ ਉਨ੍ਹਾਂ ਨੂੰ ਵੀ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਰੈਲੀ ਵਾਲੀ ਜਗ੍ਹਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਭਾਸ਼ਾ ਦੇ ਕੇ ਅਤੇ ਪੰਜਾਬ ਕਾਂਗਰਸ ਅਤੇ ਨਵਜੋਤ ਸਿੰਘ ਸਿੱਧੂ ਅਤੇ ਕੇਜਰੀਵਾਲ ਵਿਰੁੱਧ ਭੜਾਸ ਕੱਢੀ ਅਤੇ ਰੈਲੀ ’ਚ ਸ਼ਾਮਲ ਥੋੜ੍ਹੇ ਜਿਹੇ ਲੋਕਾਂ ਨੂੰ ਸੰਬੋਧਨ ਕੀਤਾ।