ਮੋਦੀ ਦੇ ਵਾਪਸ ਜਾਣ ਤੋਂ ਬਾਅਦ ਮੁੱਖ ਮੰਤਰੀ ਚੰਨੀ ਦਾ ਆਇਆ ਵੱਡਾ ਬਿਆਨ

Tags

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਤਿਕਾਰ ਕਰਦੇ ਹਾਂ ਪਰ ਉਨ੍ਹਾਂ ਨੂੰ ਅੱਜ ਵਾਪਸ ਜਾਣਾ ਪਿਆ ਸਾਨੂੰ ਅਫ਼ਸੋਸ ਹੈ। ਮੈਂ ਖ਼ੁਦ ਮੋਦੀ ਨੂੰ ਰਿਸੀਵ ਕਰਨ ਜਾਣਾ ਸੀ। ਮੈਂ ਕੋਰੋਨਾ ਪਾਜ਼ੇਟਿਵ ਲੋਕਾਂ ਦੇ ਸੰਪਰਕ ’ਚ ਸੀ ਇਸੇ ਕਰਕੇ ਨਹੀਂ ਗਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਸੜਕ ਜ਼ਰੀਏ ਜਾਣ ਦਾ ਕੋਈ ਵੀ ਪ੍ਰੋਗਰਾਮ ਨਹੀਂ ਸੀ, ਉਨ੍ਹਾਂ ਵੱਲੋਂ ਮੌਕੇ ’ਤੇ ਰਸਤੀ ਮਾਰਗ ਅਪਣਾਇਆ ਗਿਆ। ਕੇਂਦਰ ਸਰਕਾਰ ਵੱਲੋਂ ਲਗਾਏ ਜਾ ਰਹੇ ਸੁਰੱਖਿਆ ਦੀ ਅਣਗਹਿਲੀ ਦੇ ਦੋਸ਼ਾਂ ’ਤੇ ਚੰਨੀ ਨੇ ਬੋਲਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਕੋਈ ਵੀ ਅਣਗਹਿਲੀ ਨਹੀਂ ਵਰਤੀ ਗਈ ਹੈ ਅਤੇ ਨਾ ਕੋਈ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਹੈ।

ਉਨ੍ਹਾਂ ਨੂੰ ਕੋਈ ਵੀ ਖ਼ਤਰਾ ਨਹੀਂ ਸੀ ਅਤੇ ਸੁਰੱਖਿਆ ’ਚ ਕੋਈ ਲਾਪਰਵਾਹੀ ਨਹੀਂ ਹੋਈ ਹੈ। ਸੁਰੱਖਿਆ ਦੀ ਜ਼ਿੰਮੇਵਾਰੀ ਐੱਸ. ਪੀ. ਜੇ. ਨੇ ਸੰਭਾਲੀ ਸੀ ਅਤੇ ਗ੍ਰਹਿ ਮੰਤਰਾਲੇ ਦੀ ਸਿੱਧੀ ਨਜ਼ਰ ਸੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਹੋਵੇਗਾ ਤਾਂ ਮੈਂ ਪਹਿਲਾਂ ਆਪਣਾ ਖ਼ੂਨ ਡੋਲ ਦਿੰਦਾ। ਚੰਨੀ ਨੇ ਕਿਹਾ ਕਿ ਸੁਰੱਖਿਆ ਦੇ ਮੁੱਦੇ ’ਤੇ ਕੋਈ ਵੀ ਰਾਜਨੀਤੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮਾਮਲੇ ’ਚ ਕੋਈ ਵੀ ਅਫ਼ਸਰ ਸਸਪੈਂਡ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਰਾਤ ਨੂੰ ਗ੍ਰਹਿ ਮੰਤਰਾਲੇ ਦਾ ਫ਼ੋਨ ਆਇਆ ਸੀ ਅਤੇ ਕਿਸਾਨਾਂ ਤੋਂ ਰਸਤੇ ਖ਼ਾਲੀ ਕਰਵਾਉਣ ਨੂੰ ਕਿਹਾ ਗਿਆ ਸੀ। ਅਸੀਂ ਸਾਰੇ ਕਿਸਾਨ ਰਾਤ ਨੂੰ ਉਥੋਂ ਚੁੱਕਵਾ ਦਿੱਤੇ ਸਨ। ਅਸੀਂ ਰਾਤ 3 ਵਜੇ ਤੱਕ ਸਾਰੇ ਰਸਤੇ ਖ਼ਾਲੀ ਕਰਵਾ ਦਿੱਤੇ ਸਨ।

ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਸਤੇ ਜ਼ਰੀਏ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਅਤੇ ਸਾਰਾ ਪ੍ਰੋਗਰਾਮ ਹੈਲੀਕਾਪਟਰ ਜ਼ਰੀਏ ਹੀ ਜਾਣ ਦਾ ਸੀ। ਅਚਨਚੇਤ ਉਨ੍ਹਾਂ ਵੱਲੋਂ ਸੜਕੀ ਮਾਰਗ ਅਪਣਾਇਆ ਗਿਆ। ਫਲਾਈਓਵਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਰੁੱਕਿਆ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਬਦਲਵਾਂ ਰੂਟ ਵੀ ਦਿੱਤਾ ਗਿਆ ਪਰ ਉਹ ਵਾਪਸ ਚਲੇ ਗਏੇ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਠਿੰਡਾ ਏਅਰਪੋਰਟ ’ਤੇ ਅਫ਼ਸਰਾਂ ਨੂੰ ਦਿੱਤੇ ਗਏ ਬਿਆਨ ਸਬੰਧੀ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਸੁਰੱਖਿਆ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਕੁਝ ਗੁੱਸਾ ’ਚ ਕੁਝ ਕਹਿ ਵੀ ਦਿੱਤਾ ਤਾਂ ਮੈਂ ਕੋਈ ਜਵਾਬ ਨਹੀਂ ਦੇਣਾ ਚਾਹੰਦਾ, ਮੈਂ ਸਗੋਂ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਪੰਜਾਬ ਆਉਣ ਦਾ ਸੱਦਾ ਦਿੰਦਾ ਹਾਂ।