ਪਿਛਲੇ ਦਿਨੀਂ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਸ਼ੁੱਕਰਵਾਰ ਨੂੰ ਭਵਾਨੀਗੜ੍ਹ ਪਹੁੰਚੇ ਜਿੱਥੇ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋੰ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਬਦਲਾਅ ਲਿਆਉਣ ਲਈ ਰਾਜਨੀਤੀ 'ਚ ਆਏ ਹਨ ਤੇ ਉਹ ਬਦਲਾਅ ਲਿਆ ਕੇ ਹੀ ਰਹਿਣਗੇ। ਗਾਇਕੀ ਤੋੰ ਰਾਜਨੀਤਿਕ ਖੇਤਰ 'ਚ ਆਉਣ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਹਰ ਕੰਮ ਦੀ ਸ਼ੁਰੂਆਤ 'ਚ ਸਾਨੂੰ ਸੰਘਰਸ਼ ਤੇ ਮਿਹਨਤ ਕਰਨ ਦੀ ਲੋੜ ਹੁੰਦੀ ਹੈ ਤੇ ਮਿਹਨਤ ਨਾਲ ਹੀ ਅਸੀੰ ਕਿਸੇ ਮੁਕਾਮ 'ਤੇ ਪਹੁੰਚ ਸਕਦੇ ਹਾਂ। ਮੂਸੇਵਾਲਾ ਨੇ ਦਾਅਵਾ ਕੀਤਾ ਕਿ ਪਾਰਟੀ ਵੱਲੋੰ ਉਸਨੂੰ ਚੋਣ ਲੜਨ ਦਾ ਮੌਕਾ ਦਿੱਤਾ ਜਾਵੇਗਾ ਜੇਕਰ ਫਿਰ ਵੀ ਅਜਿਹਾ ਨਹੀਂ ਹੁੰਦਾ ਤਾਂ ਉਹ ਆਜਾਦ ਚੋਣ ਨਾ ਲੜ ਕੇ ਪਾਰਟੀ ਦਾ ਹੁਕਮ ਖਿੜੇ ਮੱਥੇ ਮੰਨਣਗੇ।
ਇਸ ਮੌਕੇ ਮੂਸੇਵਾਲਾ ਨੇ ਲੋਕਾਂ ਨੂੰ ਚੋਣਾਂ 'ਚ ਚੰਗੇ ਵਿਅਕਤੀਆਂ ਆਗੂਆਂ ਦੀ ਚੋਣ ਕਰਨ ਦੀ ਅਪੀਲ ਕੀਤੀ ਤਾਂ ਜੋ ਸਮਾਜ ਦੀ ਧੁੰਦਲੀ ਤਸਵੀਰ ਨੂੰ ਬਦਲਿਆ ਜਾ ਸਕੇ। ਇਸ ਮੌਕੇ ਚੇਅਰਮੈਨ ਵਰਿੰਦਰ ਪੰਨਵਾਂ, ਜੀਤ ਕਪਿਆਲ, ਗੁਰਜੀਵਨ ਸਿੰਘ ਸਰਪੰਚ ਰਾਏਸਿੰਘ ਵਾਲਾ, ਕੁਲਜੀਤ ਪੰਨਵਾਂ, ਦਲਜੀਤ ਘੁਮਾਣ, ਗਗਨ ਤੂਰ, ਆਦਿ ਮੌਜੂਦ ਸਨ। ਹਲਕੇ 'ਚ ਹੋ ਰਹੇ ਵਿਰੋਧ ਸਬੰਧੀ ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ ਪਰੰਤੂ ਕੱਝ ਚੰਦ ਕੁ ਲੋਕ ਆਪਣੇ ਵਿਚਾਰਾਂ ਦੇ ਵੱਖਰੇਵੇਂ ਕਾਰਨ ਵਿਰੋਧ ਕਰਦੇ ਹੋਣਗੇ ਕਿਉਂਕਿ ਇਸ ਤੋੰ ਪਹਿਲਾਂ ਵਿਧਾਇਕਾਂ ਤੇ ਆਗੂਆਂ ਨੂੰ ਵੀ ਅਜਿਹੇ ਲੋਕਾਂ ਦੀ ਖਿਲਾਫ਼ਤ ਝੱਲਣੀ ਪਈ ਹੈ ਇਸ 'ਚ ਨਵਾਂ ਕੁੱਝ ਵੀ ਨਹੀੰ ਇਹ ਰਿਵਾਇਤੀ ਚੱਲ ਰਿਹਾ ਹੈ। ਜਿਸ ਕਰਕੇ ਇਹ ਨਹੀੰ ਕਿਹਾ ਜਾ ਸਕਦਾ ਕਿ ਸਿਰਫ ਉਸਦੇ ਆਉਣ ਕਰਕੇ ਹੀ ਵਿਰੋਧ ਹੋ ਰਿਹਾ ਹੈ।