ਸ਼੍ਰੋਮਣੀ ਅਕਾਲੀ ਦਲ ਦੇ ਮੋਹਾਲੀ ਤੋਂ ਉਮੀਦਵਾਰ ਪਰਮਿੰਦਰ ਸਿੰਘ ਸੋਹਾਣਾ ਨੇ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ 'ਤੇ ਜੰਮ ਕੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਵਿੱਚ ਅੱਜ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਸਿਰਫ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਹੈ। ਬਲਬੀਰ ਸਿੱਧੂ 'ਤੇ ਨਿਸ਼ਾਨਾ ਲਾਉਂਦੇ ਪਰਮਿੰਦਰ ਸੋਹਾਣਾ ਨੇ ਕਿਹਾ ਕਿ ਸਿੱਧੂ ਨੂੰ ਇੱਥੋਂ ਲੋਕਾਂ ਨੇ 3 ਵਾਰੀ ਚੋਣਾਂ ਜਿਤਾ ਕੇ ਵਿਧਾਇਕ ਬਣਾਇਆ, ਪਰ ਉਸ ਨੇ ਕੁੱਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਇਥੋਂ ਜਿੱਤ ਹਾਸਲ ਕਰਕੇ ਅਕਾਲੀ ਸਰਕਾਰ ਲਿਆਉਣ ਉਪਰੰਤ ਮੋਹਾਲੀ ਦਾ ਪੂਰਨ ਵਿਕਾਸ ਕਰਵਾਉਣਗੇ।ਕਿਸਾਨ ਜਥੇਬੰਦੀਆਂ ਵੱਲੋਂ ਚੋਣ ਲੜਨ ਬਾਰੇ ਉਨ੍ਹਾਂ ਕਿਹਾ ਕਿ ਉਹ ਵੀ ਕਿਸਾਨ ਹਨ ਅਤੇ
ਕਿਸਾਨ ਅੰਦੋਲਨ ਦੌਰਾਨ ਭੁੱਖ ਹੜਤਾਲ ਵੀ ਕੀਤੀ ਅਤੇ ਸਹਿਯੋਗ ਵੀ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਅੰਦੋਲਨ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਵੀ ਦਿੱਤਾ ਅਤੇ ਭਾਜਪਾ ਨਾਲ ਗਠਜੋੜ ਤੋੜਿਆ। ਇਸ ਲਈ ਸਾਰੇ ਕਿਸਾਨ ਅਕਾਲੀ ਦਲ ਨਾਲ ਹਨ ਅਤੇ ਸਾਨੂੰ ਵੋਟਾਂ ਪਾਉਣਗੇ। ਉਨ੍ਹਾਂ ਇਸ ਮੌਕੇ ਕਿਹਾ ਕਿ ਮੋਹਾਲੀ ਹਲਕੇ ਵਿੱਚ ਜਿੰਨਾ ਵੀ ਵਿਕਾਸ ਅੱਜ ਤੱਕ ਹੋਇਆ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਹੀ ਹੋਇਆ ਹੈ। ਕੌਮਾਂਤਰੀ ਹਵਾਈ ਅੱਡਾ ਹੋਵੇ ਜਾਂ ਇਥੋਂ ਦੀਆਂ ਸੜਕਾਂ ਹੋਣ, ਅਕਾਲੀ ਸਰਕਾਰ ਸਮੇਂ ਹੀ ਬਣੀਆਂ ਹਨ।