ਕਿਸਾਨਾਂ ਤੇ AAP ਦੇ ਗੱਠਜੋੜ ਬਾਰੇ ਭਗਵੰਤ ਮਾਨ ਨੇ ਹੁਣੇ ਹੁਣੇ ਕਰਤਾ ਸਭ ਕੁਝ ਸਾਫ

Tags

ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕੀਤਾ ਹੈ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਜਲਦ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸਿੱਖ ਚਿਹਰੇ ਦਾ ਹੀ ਐਲਾਨ ਹੋਵੇਗਾ। ਭਗਵੰਤ ਮਾਨ ਨੇ ਕਿਸਾਨਾਂ ਨਾਲ ਗਠਜੋੜ ਦੀਆਂ ਖ਼ਬਰਾਂ ਨਕਾਰੀਆਂ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਨਾਲ ਸੀਟ ਸ਼ੇਅਰਿੰਗ ਬਾਰੇ ਕੋਈ ਚਰਚਾ ਨਹੀਂ ਹੋਈ। ਭਗਵੰਤ ਮਾਨ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਗਾਈਡਲਾਈਨਸ ਦਾ ਸਵਾਗਤ ਕਰਦੇ ਹਾਂ ਤੇ ਚੋਣ ਕਮਿਸ਼ਨ ਦੀ ਗਾਈਡਲਾਈਨ ਮੁਤਾਬਕ ਹੀ ਪ੍ਰਚਾਰ ਕਰਾਂਗੇ।

ਉਨ੍ਹਾਂ ਕਿਹਾ ਕਿ ਡੋਰ-ਟੂ-ਡੋਰ ਪ੍ਰਚਾਰ ਦੇ ਅਸੀਂ ਮਾਹਰ ਹਾਂ। ਸੋਸ਼ਲ ਮੀਡੀਆ ਜ਼ਰੀਏ ਪ੍ਰਚਾਰ ਦੇ ਵੀ ਅਸੀਂ ਮਾਹਰ ਹਾਂ। ਮਾਨ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਚੋਣ ਲੜਨ ਵਾਲੀ ਆਮ ਆਦਮੀ ਪਾਰਟੀ ਇਕਲੌਤੀ ਪਾਰਟੀ ਹੋਵੇਗੀ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਖੁਦ ਵੀ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਚੋਣ ਲੜਾਂਗਾ, ਸੀਟ ਹਾਈਕਮਾਨ ਤੈਅ ਕਰੇਗੀ। ਆਉਣ ਵਾਲੀ ਲਿਸਟ ‘ਚ ਮੇਰਾ ਨਾਂ ਵੀ ਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ 104 ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਰਾਮਪੁਰਾ ਫੂਲ ਤੇ ਭਦੌੜ ਦੀ ਰੈਲੀ ਰੱਦ ਕਰ ਦਿੱਤੀ ਹੈ। ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ‘ਤੇ ਤੰਨਜ਼ ਕੱਸਦਿਆਂ ਕਿਹਾ ਕਿ ਬਾਕੀ ਪਾਰਟੀਆਂ ਰੈਲੀਆਂ ‘ਤੇ ਜ਼ਿਆਦਾ ਜ਼ੋਰ ਲਾਉਂਦੀਆਂ ਹਨ। ਵਿਰੋਧੀਆਂ ਨੂੰ ਰੈਲੀਆਂ ਬਿਨਾਂ ਪ੍ਰਚਾਰ ‘ਚ ਔਖ ਹੋਵੇਗੀ। ਦੱਸ ਦਈਏ ਕਿ ਚੋਣ ਕਮਿਸ਼ਨ ਨੇ 15 ਜਨਵਰੀ ਤੱਕ ਚੋਣ ਰੈਲੀਆਂ ‘ਤੇ ਪਾਬੰਦੀ ਲਾਈ ਹੈ। ਪੰਜਾਬ ‘ਚ 14 ਫਰਵਰੀ ਨੂੰ ਵੋਟਿੰਗ ਹੋਏਗੀ ਤੇ 10 ਮਾਰਚ ਨੂੰ ਨਤੀਜੇ ਆਉਣਗੇ।