ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਇਨ੍ਹਾਂ ਖਾਤਿਆਂ ‘ਚ ਪੈਣਗੇ 1000 ਰੁਪਏ

Tags

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਬਜ਼ੁਰਗ ਤੇ ਵਿਧਵਾ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਪੰਜਾਬ ਕੈਬਨਿਟ ਨੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਬਜ਼ੁਰਗ ਤੇ ਵਿਧਵਾ ਔਰਤਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਅਹਿਮ ਗੱਲ ਹੈ ਕਿ ਇਹ ਰਾਸ਼ੀ ਸਿਰਫ਼ ਇੱਕੋ ਵਾਰੀ ਦਿੱਤੀ ਜਾਵੇਗੀ। ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਿਚ ਹੋਈ ਕੈਬਨਿਟ ਮੀਟਿੰਗ ਵਿੱਚ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਬਜ਼ੁਰਗਾਂ, ਵਿਧਵਾਵਾਂ, ਨਿਆਸਰਿਤ ਔਰਤਾਂ, ਆਸਰਿਤ ਬੱਚਿਆਂ ਤੇ ਦਿਵਿਆਂਗ ਵਿਅਕਤੀਆਂ ਨੂੰ ਸਿਰਫ਼ ਇੱਕ ਵਾਰ ਲਈ 1000 ਰੁਪਏ ਪ੍ਰਤੀ ਲਾਭਪਾਤਰੀ ਤੁਰੰਤ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਉਂਝ ਇਨ੍ਹਾਂ ਔਰਤਾਂ ਨੂੰ ਪਹਿਲਾਂ ਮਿਲਦੀ ਪ੍ਰਤੀ ਮਹੀਨਾ ਪੈਨਸ਼ਨ 1500 ਰੁਪਏ ਜਾਰੀ ਰਹੇਗੀ। ਦਰਅਸਲ ਕਾਂਗਰਸ ਸਰਕਾਰ ਨੇ ਇਹ ਐਲਾਨ ਆਮ ਆਦਮੀ ਪਾਰਟੀ ‘ਆਪ’ ਦੇ ਚੋਣ ਵਾਅਦੇ ਮਗਰੋਂ ਲਿਆ ਹੈ। ‘ਆਪ’ ਵੱਲੋਂ ਹਰ ਔਰਤ ਨੂੰ ਇੱਕ ਹਜ਼ਾਰ ਰੁਪਏ ਦਾ ਚੋਣ ਵਾਅਦਾ ਕੀਤਾ ਗਿਆ ਹੈ। ਇਸ ਦੇ ਜਵਾਬ ਵਿੱਚ ਪੰਜਾਬ ਸਰਕਾਰ ਨੇ ਦਾਅ ਖੇਡਦਿਆਂ ਬੁੱਧਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਬਜ਼ੁਰਗ ਤੇ ਵਿਧਵਾ ਔਰਤਾਂ ਨੂੰ ਮਾਲੀ ਮਦਦ ਦੇਣ ਨੂੰ ਪ੍ਰਵਾਨਗੀ ਦਿੱਤੀ ਹੈ। ਸਰਕਾਰੀ ਬੁਲਾਰੇ ਮੁਤਾਬਕ ਇਹ ਅਦਾਇਗੀ ਡੀਬੀਟੀ ਰਾਹੀਂ ਸਿੱਧੇ ਤੌਰ ਉਤੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਾਈ ਜਾਵੇਗੀ। ਇਸ ਨਾਲ ਆਪਣੀਆਂ ਘਰੇਲੂ ਲੋੜਾਂ ਨੂੰ ਪੂਰਾ ਕਰਨ ਲਈ ਮਦਦ ਮਿਲੇਗੀ। ਇੱਕ ਵਾਰ ਲਈ ਇਹ ਵਿੱਤੀ ਲਾਭ ਦੇਣ ਨਾਲ 27.71 ਲੱਖ ਲਾਭਪਾਤਰੀਆਂ ਨੂੰ 277.13 ਕਰੋੜ ਰੁਪਏ ਦਾ ਲਾਭ ਮਿਲੇਗਾ। ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਹਰ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।