ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸੀ ਪਾਰਟੀਆਂ ਵੱਲੋਂ ਬਰਾਦਰੀਵਾਦ ਨੂੰ ਉਤਸ਼ਾਹਤ ਕਰਨ ਦੇ ਮੁੱਦੇ ’ਤੇ ਤਿੱਖੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜਕਲ੍ਹ ਪਾਰਟੀਆਂ ਸਿਰਫ਼ ਇਹ ਵੇਖ ਰਹੀਆਂ ਹਨ ਕਿ ਵੋਟਾਂ ਕਿੱਥੋਂ ਮਿਲਣਗੀਆਂ। ਇਹ ਨਹੀਂ ਵੇਖਦੇ ਕਿ ਦੇਸ਼ ਤੇ ਸੂਬੇ ਦਾ ਭਲਾ ਕਿਸ ਗੱਲ ਵਿਚ ਹੈ। ਸੋ, ਇਸ ਲਈ, ਜਾਤੀਵਾਦ ਦੀ ਰਾਜਨੀਤੀ ਬਿਲਕੁਲ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਬਹੁਤ ਭੈੜਾ ਹੈ। ਕਾਂਗਰਸ ਨੇ ਸਿਆਸੀ, ਧਾਰਮਕ ਤੇ ਵਿੱਤੀ ਤੌਰ ’ਤੇ ਸੂਬੇ ਦਾ ਨੁਕਸਾਨ ਕੀਤਾ ਹੈ।
‘ਆਪ’ ਨੂੰ ਲੰਮੇਂ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਇਸ ਪਾਰਟੀ ਦੀਆਂ ਜੜ੍ਹਾਂ ਦਿੱਲੀ ਵਿਚ ਹਨ। ਹੁਣ ਇਹ ਪੰਜਾਬ ਵਿਚ ਪਰਾਲੀ ਦੀ ਅੱਗ ਬਾਰੇ ਗੱਲ ਕਰ ਰਹੇ ਹਨ। ਆਖਦੇ ਹਨ ਕਿ ਪੰਜਾਬ ਤੋਂ ਧੂੰਆਂ ਦਿੱਲੀ ਪੁੱਜ ਜਾਂਦਾ ਹੈ। ‘ਆਪ’ ਨੂੰ ਸਿਰਫ਼ ਆਪਣੇ ਹਿੱਤਾਂ ਦੀ ਪਰਵਾਹ ਹੈ। ਮੰਗਲਵਾਰ ਨੂੰ ਪਿੰਡ ਕੋਲਿਆਂਵਾਲੀ ਵਿਚ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਬਰਸੀ ਸਮਾਗਮ ਵਿਚ ਸਾਬਕਾ ਮੁੱਖ ਮੰਤਰੀ ਬਾਦਲ ਅੱਪੜੇ ਸਨ। ਉਨ੍ਹਾਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਲੰਮੇਂ ਹੱਥੀਂ ਲਿਆ। 2022 ਦੀਆਂ ਚੋਣਾਂ ਵਿਚ ਲੰਬੀ ਤੋਂ ਚੋਣ ਲੜਨ ਦੇ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਹਾਲੇ ਕੁਝ ਨਹੀਂ ਆਖਿਆ ਜਾ ਸਕਦਾ। ਹੁਣ ਉਹ ਆਮ ਵਰਕਰ ਹਨ।
ਬਾਦਲ ਨੇ ਕਿਹਾ ਕਿ ਡੀਏਪੀ ਦੀ ਕਮੀ ਕਿਸਾਨਾਂ ’ਤੇ ਭਾਰੀ ਪਵੇਗੀ। ਸੂਬਾ ਸਰਕਾਰ ਨੂੁੰ ਡੀਏਪੀ ਦਾ ਪਹਿਲਾਂ ਇੰਤਜ਼ਾਮ ਕਰਨਾ ਚਾਹੀਦਾ ਸੀ। ਇਸ ਦਾ ਕਣਕ ਦੇ ਝਾੜ ’ਤੇ ਅਸਰ ਪੈ ਸਕਦਾ ਹੈ, ਕਿਸਾਨਾਂ ਦੀ ਆਮਦਨ ਪ੍ਰਭਾਵਤ ਹੋਵੇਗੀ।