ਕਿਸਾਨਾਂ ਨਾਲ ਹੋਣਾ ਸੀ ਵੱਡਾ ਧੋਖਾ, ਖੇਤੀਬਾੜੀ ਵਿਭਾਗ ਨੇ ਬਚਾਏ ਕਿਸਾਨ, ਵੱਡੀ ਕਾਰਵਾਈ

Tags

ਖੇਤੀਬਾੜੀ ਵਿਭਾਗ ਵੱਲੋਂ ਸਥਾਨਕ ਗਿੱਲ ਰੋਡ 'ਤੇ ਦਾਣਾ ਮੰਡੀ ਨੇੜੇ ਇਕ ਕੰਪਨੀ 'ਤੇ ਛਾਪੇਮਾਰੀ ਕਰਕੇ ਲੱਖਾਂ ਰੁਪਏ ਕੀਮਤ ਦੀਆਂ ਗੈਰ ਕਾਨੂੰਨੀ ਕੀਟਨਾਸ਼ਕ ਦਵਾਈਆਂ ਬਰਾਮਦ ਕੀਤੀਆਂ ਹਨ। ਖੇਤੀਬਾੜੀ ਵਿਭਾਗ ਵੱਲੋਂ ਬੀਤੀ ਦੇਰ ਰਾਤ ਇਹ ਛਾਪੇਮਾਰੀ ਗੁਪਤ ਢੰਗ ਨਾਲ ਕੀਤੀ ਗਈ ਅਤੇ ਵੱਡੀ ਗਿਣਤੀ ਵਿਚ ਦਵਾਈਆਂ ਬਰਾਮਦ ਕਰ ਕੇ ਕੰਪਨੀ ਦੇ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਚੰਡੀਗੜ੍ਹ ਅਤੇ ਲੁਧਿਆਣਾ ਦੇ ਖੇਤੀਬਾੜੀ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ ਸੀ। ਵਿਭਾਗ ਨੂੰ ਲਗਾਤਾਰ ਪੰਜਾਬ ਅੰਦਰ ਨਕਲੀ ਪੈਸਟੀਸਾਈਡ ਸਬੰਧੀ ਕਿਸਾਨਾਂ ਵੱਲੋਂ

ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਵਿਭਾਗ ਦੀ ਇਸ 'ਤੇ ਲੰਮੇ ਸਮੇਂ ਤੋਂ ਨਜ਼ਰਸਾਨੀ ਸੀ। ਇਸ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਗੋਦਾਮਾਂ ਦੀ ਚੈਕਿੰਗ ਕੀਤੀ ਗਈ ਤਾਂ 76 ਲੱਖ ਰੁਪਏ ਦੀ ਕੀਮਤ ਦੀਆਂ ਅਜਿਹੀਆਂ ਕੀਟਨਾਸ਼ਕ ਦਵਾਈਆਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਹਾਲੇ ਤੱਕ ਵਿਭਾਗ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਇਸ ਸਬੰਧੀ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਨਰਿੰਦਰ ਬੈਨੀਪਾਲ ਨੇ ਕਿਹਾ ਕਿ ਇਹ ਸਾਰੀਆਂ ਦਵਾਈਆਂ ਗ਼ੈਰ-ਕਾਨੂੰਨੀ ਸਨ ਅਤੇ ਗੋਦਾਮ ਵੀ ਗ਼ੈਰ-ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ। ਅਗਲੇਰੀ ਕਾਰਵਾਈ ਲਈ ਪੁਲਸ ਕੋਲ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ।