ਪੰਜਾਬ ਦੀ ਸਿਆਸਤ ’ਚ ਚਰਚਾ ਦਾ ਵਿਸ਼ਾ ਬਣਨ ਵਾਲੇ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਅੱਜ ਕੱਲ ਸਿਆਸੀ ਪ੍ਰੋਗਰਾਮਾਂ ’ਚ ਸ਼ਮੂਲੀਅਤ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਫੈਸ਼ਨ ਡਿਜ਼ਾਈਨਿੰਗ ਦੀ ਪੜ੍ਹਾਈ ਸਿੰਗਾਪੁਰ ਅਤੇ ਲੰਡਨ ਤੋਂ ਕੀਤੀ ਹੈ। ਬੀਤੇ ਦਿਨ ਵਿਧਾਨ ਸਭਾ ਹਲਕਾ ਪੂਰਬੀ ਵਿਚ ਨਵਜੋਤ ਸਿੱਧੂ ਦੀ ਬੇਟੀ ਰਾਬੀਆ ਸਿੱਧੂ ਨੇ ਆਪਣੇ ਪਿਤਾ ਦੀ ਨੁਮਾਇੰਦਗੀ ਕਰਦੇ ਹੋਏ ਇਕ ਪਾਰਕ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ। ਪੱਤਰਕਾਰਾਂ ਵਲੋਂ ਰਾਬੀਆ ਸਿੱਧੂ ਨੂੰ ਜਦੋਂ ਨਵਜੋਤ ਸਿੱਧੂ ਦੇ ਬਾਰੇ ਪ੍ਰਸ਼ਨ ਕੀਤੇ ਗਏ ਤਾਂ ਉਸ ਨੇ ਉਨ੍ਹਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਸ ਦੇ ਪਿਤਾ ਪੰਜਾਬ ਅਤੇ ਪੰਜਾਬੀਆਂ ਲਈ ਵੱਡੀ ਲੜਾਈ ਲੜ ਰਹੇ ਹਨ।
ਉਸ ਨੇ ਆਖਿਆ ਕਿ ਉਸ ਦੇ ਪਾਪਾ ਨਵਜੋਤ ਸਿੱਧੂ ਬਹੁਤ ਭਾਵੁਕ ਵਿਅਕਤੀ ਹਨ ਅਤੇ ਉਨ੍ਹਾਂ ਦਾ ਦਿਲ ਪੰਜਾਬ ਦੀ ਖੁਸ਼ਹਾਲੀ ਲਈ ਹਮੇਸ਼ਾ ਧੜਕਦਾ ਰਹਿੰਦਾ ਹੈ। ਉਹ ਪੰਜਾਬੀਆਂ ਦੇ ਦਰਦ ਨੂੰ ਮਹਿਸੂਸ ਕਰਦੇ ਹਨ। ਉਹ ਪੰਜਾਬੀਆਂ ਨਾਲ ਜੂੜੇ ਹੋਏ ਹਨ। ਇਸ ਮੌਕੇ ਪੱਤਰਕਾਰਾਂ ਨੇ ਜਦੋਂ ਰਾਬੀਆ ਨੂੰ ਸਿਆਸਤ ’ਚ ਆਉਣ ਦੇ ਬਾਰੇ ਪੁੱਛਿਆ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਦਾ ਸਿਆਸਤ ਵਿਚ ਆਉਣ ਦਾ ਕੋਈ ਇਰਾਦਾ ਨਹੀਂ ਹੈ। ਉਸ ਨੇ ਆਖਿਆ ਕਿ ਉਹ ਆਪਣੇ ਪਿਤਾ ਦੀ ਗੈਰਹਾਜ਼ਰੀ ਵਿਚ ਇਸ ਪਾਰਕ ਵਿਚ ਕੀਤੇ ਗਏ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਆਈ ਹੈ। ਦੱਸਣਯੋਗ ਹੈ ਕਿ
ਨਿਊ ਅੰਮ੍ਰਿਤਸਰ ਦੇ ਬੀ ਬਲਾਕ ਇਲਾਕੇ ਵਿਚ ਇਸ ਪਾਰਕ ਦਾ ਉਦਘਾਟਨ ਪਹਿਲਾਂ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਵੀ ਕਰ ਚੁੱਕੇ ਹਨ। ਪੰਜਾਬ ਕਾਂਗਰਸ ਦੀ ਵਜ਼ਾਰਤ ਵਿਚ ਹੋਏ ਫੇਰ ਬਦਲ ਤੋਂ ਬਾਅਦ ਬੱਸੀ ਨੂੰ ਤੁਰੰਤ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਇਸ ਅਹੁਦੇ ’ਤੇ ਨਵਜੋਤ ਸਿੱਧੂ ਸਮਰਥਕ ਦਮਨਦੀਪ ਸਿੰਘ ਉਪਲ ਨੂੰ ਨਿਯੁਕਤ ਕੀਤਾ ਗਿਆ ਸੀ। ਸਿੱਧੂ ਦੀ ਬੇਟੀ ਨੂੰ ਇਸ ਪਾਰਕ ਦਾ ਪਹਿਲਾਂ ਵੀ ਉਦਘਾਟਨ ਕੀਤੇ ਜਾਣ ਬਾਰੇ ਸਵਾਲ ਪੁੱਛਿਆ ਤਾਂ ਉਸ ਨੇ ਆਖਿਆ ਕਿ ਇਸ ਪਾਰਕ ਦਾ ਲਗਪਗ 33 ਲੱਖ ਰੁਪਏ ਨਾਲ ਹੋ ਰਿਹਾ ਸੁੰਦਰੀਕਰਨ ਦਾ ਕੰਮ ਰੁਕ ਗਿਆ ਸੀ। ਹੁਣ ਇਸ ਦੇ ਵਿਕਾਸ ਨੂੰ ਮੁੜ ਸ਼ੁਰੂ ਕੀਤਾ ਹੈ।