ਰਾਜਾ ਵੜਿੰਗ ਨੇ ਲਾ ਲਿਆ ਕੰਡਕਟਰ ਨੂੰ ਫੋਨ, ਫਿਰ ਸੁਣੋ ਕੰਡਕਟਰ ਦਾ ਜਵਾਬ

Tags

ਪੰਜਾਬ ਦੇ ਟਰਾਂਸਪੋਰਟ ਮੰਤਰੀ ਬਣਨ ਮਗਰੋਂ ਸਭ ਤੋਂ ਵੱਧ ਸਰਗਰਮੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਖਾ ਰਹੇ ਹਨ। ਉਨ੍ਹਾਂ ਨੇ ਹੁਣ ਤੱਕ 90 ਤੋਂ ਵੱਧ ਨਾਜਾਇਜ਼ ਬੱਸਾਂ ਜ਼ਬਤ ਕੀਤੀਆਂ ਹਨ ਤੇ ਅੱਗ ਵੀ ਇਹ ਮੁਹਿੰਮ ਜਾਰੀ ਹੈ। ਉਂਝ ਸਵਾਲ ਇਹ ਵੀ ਉੱਠ ਰਹੇ ਹਨ ਕਿ ਰਾਜਾ ਵੜਿੰਗ ਸਿਰਫ ਅਕਾਲੀ ਦਲ ਨਾਲ ਸਬੰਧਤ ਟਰਾਂਸਪੋਰਟਰਾਂ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਸਿਸਟਮ ਦੇ ਕੰਮਕਾਜ ਦੀ ਜਾਂਚ ਕਰਨ ਲਈ ਵੱਖ-ਵੱਖ ਡਿੱਪੂਆਂ ਦੇ ਕਈ ਜਨਰਲ ਮੈਨੇਜਰਾਂ, ਡਰਾਈਵਰਾਂ ਤੇ ਕੰਡਕਟਰਾਂ ਨੂੰ ਫ਼ੋਨ ਕਰਕੇ ਸਿਸਟਮ ਦੀ ਕੰਮ ਕਰਨ ਦੀ ਯੋਗਤਾ ਚੈੱਕ ਕੀਤੀ।

ਜਾਣਕਾਰੀ ਮੁਤਾਬਕ ਟਰਾਂਸਪੋਰਟ ਵਿਭਾਗ ਦੇ ਉੱਡਣ ਦਸਤਿਆਂ ਨੇ ਚੈਕਿੰਗ ਮੁਹਿੰਮ ਤਹਿਤ ਮੰਗਲਵਾਰ ਨੂੰ ਪੰਜ ਜ਼ਿਲ੍ਹਿਆਂ ‘ਚ ਬਿਨਾਂ ਟੈਕਸ ਚੱਲ ਰਹੀਆਂ 10 ਬੱਸਾਂ ਨੂੰ ਵੀ ਜ਼ਬਤ ਕੀਤਾ। ਹੁਣ ਰਾਜਾ ਵੜਿੰਗ ਨੇ ਐਲਾਨ ਕੀਤਾ ਹੈ ਕਿ ਵਾਹਨ ਟਰੈਕਿੰਗ ਸਿਸਟਮ (ਵੀਟੀਐਸ) ਸੂਬੇ ਵਿੱਚ ਚੱਲ ਰਹੀਆਂ ਸਾਰੀਆਂ ਪ੍ਰਾਈਵੇਟ ਬੱਸਾਂ ਵਿੱਚ ਵੀ ਲਾਇਆ ਜਾਵੇਗਾ। ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਮੁੱਖ ਦਫ਼ਤਰ ਵਿੱਚ ਬੱਸ ਟਰੈਕਿੰਗ ਸਿਸਟਮ ਮੌਨੀਟਰਿੰਗ ਤੇ ਕੰਟਰੋਲ ਰੂਮ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਬੱਸਾਂ ਦੀ ਕਾਰਗੁਜ਼ਾਰੀ ਸੁਰੱਖਿਆ ਦੇ ਲਿਹਾਜ਼ ਨਾਲ ਤਸੱਲੀਬਖ਼ਸ਼ ਨਾ ਹੋਣ ਕਾਰਨ ਨਿੱਜੀ ਬੱਸਾਂ ਵਿੱਚ ਵੀ ਵਾਹਨ ਟਰੈਕਿੰਗ ਸਿਸਟਮ ਲਾਇਆ ਜਾਵੇਗਾ।

ਵਿਭਾਗ ਵੱਲੋਂ ਸੋਮਵਾਰ ਨੂੰ ਫਰੀਦਕੋਟ, ਲੁਧਿਆਣਾ ਤੇ ਪਟਿਆਲਾ ਜ਼ਿਲ੍ਹਿਆਂ 'ਚ 13 ਹੋਰ ਨਾਜਾਇਜ਼ ਪ੍ਰਾਈਵੇਟ ਬੱਸਾਂ ਜ਼ਬਤ ਕੀਤੀਆਂ ਗਈਆਂ ਸਨ। ਇਨ੍ਹਾਂ ਬੱਸਾਂ ਵਿੱਚ ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਵੀ ਹਨ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਚੈਕਿੰਗ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਗੈਰ ਕਾਨੂੰਨੀ ਢੰਗ ਨਾਲ ਚੱਲਣ ਵਾਲੀ ਹਰ ਇੱਕ ਬੱਸ ਸੜਕਾਂ ਤੋਂ ਉਤਰ ਨਹੀਂ ਜਾਂਦੀ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਬੱਸਾਂ ਨਾਲ ਇੱਕ ਪਾਸੇ ਸਰਕਾਰੀ ਟਰਾਂਸਪੋਰਟ ਨੂੰ ਘਾਟਾ ਪੈ ਰਿਹਾ ਹੈ ਤੇ ਦੂਜੇ ਪਾਸੇ ਸਰਕਾਰੀ ਖਜ਼ਾਨੇ ਨੂੰ ਵੀ ਚੂਨਾ ਲੱਗ ਰਿਹਾ ਹੈ।