ਆਮ ਆਦਮੀ ਪਾਰਟੀ ਦੀ ਰਾਸ਼ਟਰੀ ਪਰੀਸ਼ਦ ਦੀ ਬੈਠਕ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਰਕਰਾਂ ਨੂੰ ਕਿਹਾ ਕਿ ਜੇਕਰ ਤੁਸੀਂ ਆਮ ਆਦਮੀ ਪਾਰਟੀ ਵਿਚ ਆਓ ਹੋ ਤਾਂ ਅਹੁਦੇ ਦੀ ਇੱਛਾ ਨਾ ਰੱਖਣਾ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਦੇਸ਼ ਭਰ ਵਿਚ ਖ਼ਬਰਾਂ ਆਈਆਂ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਅਪਣੇ ਪੱਧਰ ’ਤੇ ਲੋਕਾਂ ਦੀ ਮਦਦ ਕੀਤੀ। ਇਹ ਸਕੂਨ ਦੇਣ ਵਾਲੀਆਂ ਖ਼ਬਰਾਂ ਸੀ ਅਤੇ ਇਸੇ ਲਈ ਆਮ ਆਦਮੀ ਪਾਰਟੀ ਬਣੀ ਹੈ। ਉਹਨਾਂ ਕਿਹਾ ਕਿ ਸ਼ਹੀਦ ਏ ਆਜ਼ਮ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਦਕਰ ਦੋਵੇਂ ਆਮ ਆਦਮੀ ਪਾਰਟੀ ਦੇ ਆਦਰਸ਼ ਹਨ ਅਤੇ ਇਹਨਾਂ ਦੇ ਦੱਸੇ ਰਸਤੇ ਉੱਤੇ ਹੀ ਆਮ ਆਦਮੀ ਪਾਰਟੀ ਚੱਲ ਰਹੀ ਹੈ।
ਉਹਨਾਂ ਵਰਕਰਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਕਦੀ ਵੀ ਅਹੁਦੇ ਦੀ ਇੱਛਾ ਨਾ ਰੱਖਿਓ। ਅਪਣੇ ਖੇਤਰ ਵਿਚ ਕੰਮ ਕਰਦੇ ਰਹੋ। ਕੰਮ ਅਜਿਹਾ ਹੋਣਾ ਚਾਹੀਦਾ ਹੈ ਕਿ ਪਾਰਟੀ ਤੁਹਾਨੂੰ ਆ ਕੇ ਖੁਦ ਕਹੇ ਕਿ ਇਹ ਅਹੁਦਾ ਲੈ ਲਓ। ਤੁਹਾਨੂੰ ਅਹੁਦਾ ਮੰਗਣ ਦੀ ਲੋੜ ਨਹੀਂ ਪੈਣੀ ਚਾਹੀਦੀ। ਜੇ ਤੁਹਾਨੂੰ ਮੇਰੇ ਕੋਲ ਆ ਕੇ ਅਹੁਦਾ ਮੰਗਣਾ ਪਿਆ ਤਾਂ ਮਤਬਲ ਇਹ ਹੈ ਕਿ ਤੁਸੀਂ ਉਸ ਦੇ ਕਾਬਲ ਨਹੀਂ ਹੋ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਲਈ ਬਣੀ ਹੈ, ਸਮਾਜ ਲਈ ਬਣੀ ਹੈ। ਕਿਸੇ ਵੀ ਤਰ੍ਹਾਂ ਦੀ ਸੱਤਾ ਹਾਸਲ ਕਰਨਾ ਆਮ ਆਦਮੀ ਪਾਰਟੀ ਦਾ ਮਕਸਦ ਨਹੀਂ ਹੈ। ਇਹ ਪਿਛਲੇ 7 ਤੋਂ 8 ਸਾਲ ਦੀ ਸਾਡੀ ਯਾਤਰਾ ਨੇ ਦਿਖਾਇਆ ਹੈ। ਉਹਨਾਂ ਕਿਹਾ ਕਿ ਅੱਜ ਜਿੰਨੇ ਵੀ ਮੈਂਬਰ ਰਾਸ਼ਟਰੀ ਪਰੀਸ਼ਦ ਦੀ ਬੈਠਕ ਵਿਚ ਆਏ ਹਨ, ਉਹ ਇਸ ਗੱਲ ਨੂੰ ਪੱਲੇ ਬੰਨ ਲੈਣ ਕਿ ਸਿਰਫ ਇਕ ਚੀਜ਼ ਸਾਡੇ ਧਿਆਨ ਵਿਚ ਰਹਿਣੀ ਚਾਹੀਦੀ ਹੈ ਕਿ ਅਸੀਂ ਕਿਵੇਂ ਸਮਾਜ ਦੀ ਸੇਵਾ ਕਰ ਸਕਦੇ ਹਾਂ, ਦੇਸ਼ ਦੀ ਸੇਵਾ ਕਰ ਸਕਦੇ ਹਾਂ।
ਲੋੜ ਪਈ ਤਾਂ ਅਪਣਾ ਸਭ ਕੁਝ ਦੇਸ਼ ਲਈ ਕੁਰਬਾਨ ਕਰਨ ਲਈ ਤਿਆਰ ਰਹਿਣਾ ਹੋਵੇਗਾ। ਕੇਜਰੀਵਾਲ ਨੇ ਕਿਹਾ ਕਿ ਬੀਤੇ ਡੇਢ-ਦੋ ਸਾਲ ਤੋਂ ਪੂਰਾ ਦੇਸ਼ ਅਤੇ ਵਿਸ਼ਵ ਇਸ ਸਦੀ ਦੀ ਸਭ ਤੋਂ ਮੁਸ਼ਕਿਲ ਮਹਾਂਮਾਰੀ ਨਾਲ ਜੂਝ ਰਿਹਾ ਹੈ। 1918 ਦੇ ਕਰੀਬ ਸਪੈਨਿਸ਼ ਫਲੂ ਆਇਆ ਸੀ, ਉਹ ਵੀ ਇਸ ਤਰ੍ਹਾਂ ਖਤਰਨਾਕ ਸੀ, ਹੁਣ 100 ਸਾਲ ਬਾਅਦ ਇਸ ਤਰ੍ਹਾਂ ਦੀ ਬਿਮਾਰੀ ਆਈ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਅਪਣੇ ਪੱਧਰ ’ਤੇ ਬਹੁਤ ਚੰਗੀਆਂ ਕੋਸ਼ਿਸਾਂ ਕੀਤੀਆਂ ਹਨ, ਜਿਸ ਬਾਰੇ ਦਿੱਲੀ ਵਿਚ ਚਾਰੇ ਪਾਸੇ ਚਰਚਾ ਹੋ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਨੇ ਕੋਸ਼ਿਸ਼ਾਂ ਕੀਤੀਆਂ। ਦਿੱਲੀ ਦੇ 2 ਕਰੋੜ ਲੋਕਾਂ ਨੇ ਵੀ ਕੋਸ਼ਿਸ਼ ਕੀਤੀ। ਕੇਜਰੀਵਾਲ ਨੇ ਕਿਹਾ ਕਿ ਬਹੁਤ ਕੰਮ ਪਹਿਲੀ ਵਾਰ ਕੀਤੇ ਗਏ। ਅਸੀਂ ਸਾਰਿਆਂ ਨੇ ਮਿਲ ਕੇ ਕੋਰੋਨਾ ਵਾਇਰਸ ’ਤੇ ਕਾਬੂ ਪਾਇਆ ਹੈ।