ਪੰਜਾਬ ਕਾਂਗਰਸ ਦੇ ਇੰਚਾਰਜ ਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਨੂੰ ਆਪਣੇ ਸਲਾਹਕਾਰਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ ਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਪਾਰਟੀ ਉਨ੍ਹਾਂ ਨੂੰ ਬਰਖਾਸਤ ਕਰ ਦਵੇਗੀ।" ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਦੇ ਨਵੇਂ ਮੁਖੀ ਨੂੰ ਸਪਸ਼ਟ ਸੰਦੇਸ਼ ਦਿੱਤਾ ਹੈ। ਉਨ੍ਹਾਂ ਦਾ ਇਹ ਸੰਦੇਸ਼ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਰੁੱਧ ਨਵੇਂ ਸਿਰੇ ਤੋਂ ਸ਼ੁਰੂ ਹੋਏ ਬਗਾਵਤੀ ਸੁਰਾਂ ਦੇ ਉੱਠਣ ਤੋਂ ਬਾਅਦ ਆਇਆ ਹੈ। ਨਾਲ ਹੀ ਰਾਵਤ ਨੇ ਸਿੱਧੂ ਦੇ ਸਲਾਹਕਾਰਾਂ ਦੀ ਟਿੱਪਣੀ ਨੂੰ ਗਲਤ ਮਾਨਸਿਕਤਾ ਵਾਲਾ ਕਰਾਰ ਦਿੱਤਾ ਹੈ।
ਰਾਵਤ ਨੇ ਕਿਹਾ, "ਇਹ ਖੇਮਿਆਂ ਦਾ ਮਾਮਲਾ ਨਹੀਂ, ਜਿਸ ਨੇ ਇਤਰਾਜ਼ ਕੀਤਾ ਹੈ। ਉਨ੍ਹਾਂ ਬਿਆਨਾਂ 'ਤੇ ਸਮੁੱਚੀ ਪਾਰਟੀ ਤੇ ਸੂਬੇ ਨੂੰ ਵੀ ਇਤਰਾਜ਼ ਹੈ। ਜੰਮੂ -ਕਸ਼ਮੀਰ 'ਤੇ ਪਾਰਟੀ ਦੀ ਇੱਕ ਲਾਈਨ ਹੈ ਤੇ ਉਹ ਇਹ ਹੈ ਕਿ ਇਹ ਭਾਰਤ ਦਾ ਅਨਿੱਖੜਵਾਂ ਅੰਗ ਹੈ।" ਪਿਆਰੇ ਲਾਲ ਗਰਗ ਤੇ ਮਾਲਵਿੰਦਰ ਮਾਲੀ ਨੂੰ ਹਾਲ ਹੀ ਵਿੱਚ ਸਿੱਧੂ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਜਿਸ ਤੋਂ ਬਾਅਦ ਮਾਲਵਿੰਦਰ ਮਾਲੀ ਆਪਣੇ ਬਿਆਨਾਂ ਕਰਕੇ ਸਭ ਦੇ ਨਿਸ਼ਾਨੇ 'ਤੇ ਆ ਗਏ। ਉਨ੍ਹਾਂ ਨੇ ਪਿਛਲੇ ਹਫਤੇ ਪਾਕਿਸਤਾਨ ਤੇ ਕਸ਼ਮੀਰ ਬਾਰੇ ਆਪਣੀਆਂ ਟਿੱਪਣੀਆਂ ਕਰਕੇ ਸੁਰਖੀਆਂ ਬਟੋਰੀਆਂ।
ਉਨ੍ਹਾਂ ਨੇ ਫੇਸਬੁੱਕ ਪੋਸਟ 'ਚ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਹੀ ਨਾਜਾਇਜ਼ ਤੌਰ 'ਤੇ ਕਸ਼ਮੀਰ ਉੱਤੇ ਕਾਬਜ਼ ਹਨ। ਜਦੋਂ ਹਰੀਸ਼ ਰਾਵਤ ਨੂੰ ਪੁੱਛਿਆ ਗਿਆ ਕਿ ਪਾਰਟੀ ਵਿਵਾਦ ਨਾਲ ਕਿਵੇਂ ਨਜਿੱਠੇਗੀ? ਰਾਵਤ ਨੇ ਕਿਹਾ, "ਇਹ ਸਲਾਹਕਾਰ ਪਾਰਟੀ ਵਲੋਂ ਨਿਯੁਕਤ ਨਹੀਂ ਕੀਤੇ ਗਏ। ਅਸੀਂ ਸਿੱਧੂ ਨੂੰ ਉਨ੍ਹਾਂ ਨੂੰ ਬਰਖਾਸਤ ਕਰਨ ਲਈ ਕਿਹਾ ਹੈ। ਜੇਕਰ ਸਿੱਧੂ ਅਜਿਹਾ ਨਹੀਂ ਕਰਦੇ ਤਾਂ ਮੈਂ ਕਰਾਂਗਾ। ਅਸੀਂ ਉਹ ਲੋਕ ਨਹੀਂ ਚਾਹੁੰਦੇ ਜੋ ਪਾਰਟੀ ਨੂੰ ਸ਼ਰਮਿੰਦਾ ਕਰਨ।"