ਪੰਜਾਬ ਵਿੱਚ ਮੌਸਮ ਬਾਰੇ ਹੋਈ ਵੱਡੀ ਭਵਿੱਖਬਾਣੀ

Tags

ਪੰਜਾਬ ਤੇ ਹਰਿਆਣਾ ਵਿੱਚ ਬਾਰਸ਼ ਜਾਰੀ ਰਹੇਗਾ। ਮੌਸਮ ਵਿਭਾਗ ਮੁਤਾਬਕ ਦੋਵਾਂ ਸੂਬਿਆਂ ਵਿੱਚ ਸ਼ਨੀਵਾਰ ਨੂੰ ਚੰਗਾ ਮੀਂਹ ਪਿਆ ਹੈ। ਦੋਵਾਂ ਸੂਬਿਆਂ ਦੇ ਕਈ ਇਲਾਕਿਆਂ ਵਿੱਚ ਅੱਜ ਵੀ ਬਾਰਸ਼ ਹੋਏਗੀ। ਮੌਸਮ ਵਿਭਾਗ ਨੇ ਪੰਜਾਬ ’ਚ 24 ਘੰਟੇ ਤੇ ਹਰਿਆਣਾ ਵਿੱਚ 48 ਘੰਟੇ ਤੱਕ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ 22 ਐਮਐਮ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਦੇ ਪਟਿਆਲਾ ’ਚ 19 ਐਮਐਮ, ਅੰਮ੍ਰਿਤਸਰ ’ਚ 2 ਐਮਐਮ ਮੀਂਹ ਦਰਜ ਕੀਤਾ ਹੈ ਜਦਕਿ ਲੁਧਿਆਣਾ, ਜਲੰਧਰ, ਫਤਹਿਗੜ੍ਹ ਸਾਹਿਬ, ਮੁਹਾਲੀ, ਬਨੂੜ ਵਿੱਚ ਕਿਣ-ਮਿਣ ਹੋਈ ਹੈ।

ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਰਿਆਣਾ, ਪੰਜਾਬ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਦੱਖਣ-ਪੂਰਬੀ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰੀ ਬਿਹਾਰ, ਉਪ-ਹਿਮਾਲਿਆਈ ਪੱਛਮੀ ਬੰਗਾਲ, ਸਿੱਕਮ, ਅਸਾਮ, ਮੇਘਾਲਿਆ ਤੇ ਅਰੁਣਾਚਲ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ। ਹਰਿਆਣਾ ਦੇ ਅੰਬਾਲਾ ’ਚ 27 ਐਮਐਮ, ਕਰਨਾਲ ਵਿੱਚ 47.4 ਐਮਐਮ, ਰੋਹਤਕ ’ਚ 34 ਐਮਐਮ, ਗੁਰੂਗਰਾਮ ’ਚ 39 ਐਮਐਮ, ਹਿਸਾਰ ’ਚ 0.5 ਐਮਐਮ ਮੀਂਹ ਦਰਜ ਕੀਤਾ ਹੈ। ਇਸ ਤੋਂ ਇਲਾਵਾ ਭਿਵਾਨੀ, ਨਾਰਨੌਲ, ਕੈਥਲ ਵਿੱਚ ਕਿਣ-ਮਿਣ ਹੁੰਦੀ ਰਹੀ ਹੈ। ਉਧਰ, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿੱਚ ਸ਼ੁੱਕਰਵਾਰ ਰਾਤ ਤੋਂ ਹੀ ਭਾਰੀ ਮੀਂਹ ਜਾਰੀ ਹੈ।

ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਕਈ ਇਲਾਕਿਆਂ ਵਿੱਚ ਪਾਣੀ ਇਕੱਠਾ ਹੋ ਗਿਆ ਹੈ। ਸੜਕਾਂ 'ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਭਾਰਤ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਸਨਿੱਚਰਵਾਰ ਨੂੰ ਦਿੱਲੀ ਵਿੱਚ 138.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਪਿਛਲੇ 14 ਸਾਲਾਂ ਵਿੱਚ ਅਗਸਤ ਦੇ ਮਹੀਨੇ ਵਿੱਚ 24 ਘੰਟਿਆਂ ਵਿੱਚ ਸਭ ਤੋਂ ਵੱਧ ਵਰਖਾ ਹੈ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 26.2 ਡਿਗਰੀ ਸੈਲਸੀਅਸ, ਪਟਿਆਲਾ ’ਚ ਤਾਪਮਾਨ 27, ਲੁਧਿਆਣਾ ’ਚ 28.2, ਅੰਮ੍ਰਿਤਸਰ ’ਚ 31.4 ਡਿਗਰੀ ਰਿਹਾ ਜਦਕਿ ਅੰਬਾਲਾ ਦਾ ਤਾਪਮਾਨ 27.1, ਹਿਸਾਰ ਦਾ 29, ਕਰਨਾਲ ਦਾ 26.4, ਨਾਰਨੌਲ ਦਾ 29.2, ਰੋਹਤਕ ਦਾ 27.7, ਗੁਰੂਗਰਾਮ ਦਾ 31.4 ਤੇ ਭਿਵਾਨੀ ਦਾ 28.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।