ਪੰਜਾਬੀ ਗਾਇਕ ਗੁਰਦਾਸ ਮਾਨ ਇਕ ਵਾਰ ਮੁੜ ਵਿਵਾਦਾਂ ’ਚ ਘਿਰ ਗਏ ਹਨ। ਹਾਲ ਹੀ ’ਚ ਨਕੋਦਰ ਵਿਖੇ ਆਪਣੇ ਪ੍ਰੋਗਰਾਮ ਦੌਰਾਨ ਗੁਰਦਾਸ ਮਾਨ ਨੇ ਕੁਝ ਅਜਿਹਾ ਬੋਲ ਦਿੱਤਾ, ਜਿਸ ਕਾਰਨ ਉਹ ਮੁੜ ਲੋਕਾਂ ਦੇ ਨਿਸ਼ਾਨੇ ’ਤੇ ਆ ਗਏ ਹਨ। ਦਰਅਸਲ ਗੁਰਦਾਸ ਮਾਨ ਨੇ ਆਪਣੇ ਪ੍ਰੋਗਰਾਮ ਦੌਰਾਨ ਸਾਈਂ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾਂ ਵੰਸ਼ ਦੱਸ ਦਿੱਤਾ ਹੈ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਦੇ ਚਲਦਿਆਂ ਲੋਕ ਗੁਰਦਾਸ ਮਾਨ ਨੂੰ ਨਿਸ਼ਾਨੇ ’ਤੇ ਲੈ ਰਹੇ ਹਨ। ਦੱਸ ਦੇਈਏ ਕਿ ਗੁਰਦਾਸ ਮਾਨ ਉਦੋਂ ਤੋਂ ਪੰਜਾਬੀਆਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਹਨ, ਜਦੋਂ ਉਨ੍ਹਾਂ ਨੇ ਸਟੇਜ ਤੋਂ ਮਾੜੀ ਸ਼ਬਦਾਵਲੀ ਦੀ ਵਰਤੋਂ ਕਰ ਦਿੱਤੀ ਸੀ।
ਉਸ ਵਿਵਾਦ ਤੋਂ ਬਾਅਦ ਲੋਕਾਂ ਨੇ ਗੁਰਦਾਸ ਮਾਨ ਦਾ ਘਿਰਾਓ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਇਸ ਨਵੇਂ ਵਿਵਾਦ ਕਾਰਨ ਗੁਰਦਾਸ ਮਾਨ ਦੇ ਵਿਰੋਧ ਦੀ ਅੱਗ ਹੋਰ ਭਖਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਸਿੱਖ ਭਾਈਚਾਰੇ ’ਚ ਇਸ ਨੂੰ ਲੈ ਕੇ ਵਧੇਰੇ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸਿੱਖ ਜਥੇਬੰਦੀਆਂ ਵਲੋਂ ਨਕੋਦਰ ਵਿਖੇ ਗੁਰਦਾਸ ਮਾਨ ਖ਼ਿਲਾਫ਼ ਪਰਚਾ ਦਰਜ ਕਰਵਾਉਣ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਗੁਰਦਾਸ ਮਾਨ ਖ਼ਿਲਾਫ਼ ਕੋਈ ਕਾਰਵਾਈ ਨਾ ਹੋਈ ਤਾਂ ਉਨ੍ਹਾਂ ਵਲੋਂ ਸੂਬੇ ਭਰ ’ਚ ਗੁਰਦਾਸ ਮਾਨ ਖ਼ਿਲਾਫ਼ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।