ਸਮਰਾਲਾ ਦੇ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਅੱਜ ਪਾਰਟੀ ਤੋਂ ਅਸਤੀਫ਼ੇ ਦਿੱਤੇ ਜਾਣ ਦੇ ਐਲਾਨ ਤੋਂ ਬਾਅਦ ਹਲਕੇ ਦਾ ਸਮੁੱਚਾ ਅਕਾਲੀ ਦਲ ਨਵੇਂ ਨਿਯੁਕਤ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੇ ਹੱਕ ਵਿਚ ਡਟ ਗਿਆ ਹੈ | ਅੱਜ ਹਲਕੇ ਦੇ 8 ਸਰਕਲ ਪ੍ਰਧਾਨਾਂ ਸਮੇਤ ਪਾਰਟੀ ਦੇ ਅਨੇਕਾਂ ਵਿੰਗਾਂ ਦੇ ਅਹੁਦੇਦਾਰ ਅਤੇ ਸਰਗਰਮ ਵਰਕਰਾਂ ਨੇ ਪਾਰਟੀ ਵਲੋਂ ਪਰਮਜੀਤ ਸਿੰਘ ਢਿੱਲੋਂ ਨੂੰ ਮੁੱਖ ਸੇਵਾਦਾਰ ਐਲਾਨੇ ਜਾਣ ਦੀ ਸ਼ਲਾਘਾ ਕਰਦਿਆ ਕਿਹਾ ਕਿ ਪਾਰਟੀ ਨੇ ਬਕਾਇਦਾ ਤਿੰਨ ਸਰਵੇ ਕਰਵਾਉਣ ਅਤੇ ਸਾਰੇ ਸਰਕਲ ਜਥੇਦਾਰਾਂ ਦੀ ਰਾਏ ਲੈਣ ਉਪਰੰਤ ਇਹ ਫ਼ੈਸਲਾ ਕੀਤਾ ਹੈ |
ਸਰਕਲ ਪ੍ਰਧਾਨ ਕੁਲਦੀਪ ਸਿੰਘ ਜਾਤੀਵਾਲ, ਹਰਦੀਪ ਸਿੰਘ ਬਹਿਲੋਲਪੁਰ, ਹਰਜਤਿੰਦਰ ਸਿੰਘ ਬਾਜਵਾ ਅਤੇ ਜਸਮੇਲ ਸਿੰਘ ਬੌਂਦਲੀ ਨੇ ਕਿਹਾ ਕਿ ਖੀਰਨੀਆਂ ਦਾ ਅਸਤੀਫ਼ਾ ਪਾਰਟੀ ਲਈ ਇਕ ਮੰਦਭਾਗਾ ਫ਼ੈਸਲਾ ਹੈ | ਇਸ ਲਈ ਉਨ੍ਹਾਂ ਨੂੰ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਥਾਨਕ ਅਕਾਲੀ ਦਲ ਅਨੁਸ਼ਾਸਨ ਵਿਚ ਰਹਿ ਕੇ ਪਾਰਟੀ ਦੇ ਹੁਕਮ ਅਨੁਸਾਰ ਪਰਮਜੀਤ ਸਿੰਘ ਢਿੱਲੋਂ ਨਾਲ ਇੱਕਜੁੱਟ ਹੋ ਕੇ ਪੂਰੀ ਤਨਦੇਹੀ ਨਾਲ ਕੰਮ ਕਰੇਗਾ | ਇਸ ਮੌਕੇ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਪਾਰਟੀ ਤੋਂ ਬਾਹਰ ਹੋਏ ਹਰ ਵਿਅਕਤੀ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਵਾਪਿਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ|