ਕੋਰੋਨਾ ਵਾਇਰਸ ਦਾ ਖ਼ਤਰਾ ਲਗਾਤਾਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਹੁਣ ਇਸ ਮਹਾਮਾਰੀ ਦਾ ਦੌਰ ਪਿੰਡਾਂ ਵਿੱਚ ਵੀ ਦਾਖ਼ਲ ਹੋ ਗਿਆ ਹੈ। ਜਿਸ ਕਰਕੇ ਪਿੰਡਾਂ ਵਿੱਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਮੌਤ ਦਰ ਵਿੱਚ ਵੀ ਵਾਧਾ ਹੋ ਗਿਆ ਹੈ। ਬਰਨਾਲਾ ਜ਼ਿਲੇ ਦੇ ਪਿੰਡ ਟੱਲੇਵਾਲ ਦੀ ਪੰਚਾਇਤ ਵੱਲੋਂ ਕੋਰੋਨਾ ਤੋਂ ਪਿੰਡ ਵਾਸੀਆ ਨੂੰ ਬਚਾਉਣ ਲਈ ਸਖ਼ਤ ਕਦਮ ਚੁੱਕੇ ਗਏ ਹਨ। ਇਸ ਤੋਂ ਇਲਾਵਾ ਸੱਥਾਂ ਅਤੇ ਮੋੜਾਂ ’ਤੇ ਇਕੱਠ ਕਰਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਭੋਗਾਂ ਅਤੇ ਵਿਆਹਾਂ ’ਤੇ ਸੀਮਤ ਇਕੱਠ ਕਰਨ ਦੀ ਹਿਦਾਇਤ ਕੀਤੀ ਗਈ ਹੈ।
ਜਿਸ ਤਹਿਤ ਪੰਚਾਇਤ ਵੱਲੋਂ ਰੋਜ਼ਾਨਾ ਲਗਾਤਾਰ ਸਪੀਰਕ ਰਾਹੀਂ ਅਨਾਊਂਸਮੈਂਟ ਕਰਕੇ ਹਰ ਪਿੰਡ ਵਾਸੀ ਨੂੰ ਮਾਸਕ ਪਾਉਣਾ ਜ਼ਰੂਰੀ ਕੀਤਾ ਗਿਆ ਹੈ। ਇਸ ਸਬੰਧੀ ਸਰਪੰਚ ਹਰਸ਼ਰਨ ਸਿੰਘ ਅਤੇ ਕਲੱਬ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਕੀਤੀ ਗਈ ਅਨਾਊਂਸਮੈਂਟ ’ਤੇ ਪਿੰਡ ਵਾਸੀ ਅਮਲ ਕਰ ਰਹੇ ਹਨ ਅਤੇ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਪੰਚਾਇਤ ਦਾ ਸਾਥ ਦੇ ਰਹੇ ਹਨ। ਜਿਸ ਤਹਿਤ ਲੋਕਾਂ ਨੇ ਸੱਥਾਂ ਅਤੇ ਹੋਰ ਜਨਤਕ ਥਾਵਾਂ ’ਤੇ ਇਕੱਠ ਕਰਨਾ ਬੰਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਕੁੱਝ ਦਿਨਾਂ ਲਈ ਰਿਸ਼ਤੇਦਾਰੀਆਂ ਦੇ ਸਮਾਗਮਾਂ ਜਾਂ ਇਕੱਠਾਂ ਵਾਲੀਆਂ ਥਾਵਾਂ ’ਤੇ ਜਾਣ ਤੋਂ ਵੀ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।