ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਗਠਨ ਤੋਂ ਬਾਅਦ ਪੰਜਾਬ ਦੇ ਕਈ ਰਾਜਨੀਤਿਕ ਆਗੂ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਆਪਣੀਆਂ ਮੀਟਿੰਗਾਂ ਦਾ ਦੌਰ ਜਾਰੀ ਰੱਖ ਰਹੇ ਹਨ।ਢੀਂਡਸਾ ਦੀ ਰਿਹਾਇਸ਼ ’ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਅਤੇ ਉਨ੍ਹਾਂ ਲੰਮਾ ਸਮਾਂ ਢੀਂਡਸਾ ਨਾਲ ਮੀਟਿੰਗ ਕੀਤੀ। ਕਾਂਗਰਸ ਵਿਚਕਾਰ ਕਾਟੋ ਕਲੇਸ਼ ਸਿਖਰ 'ਤੇ ਹੈ। ਭਾਵੇਂ ਕੁਝ ਵੀ ਹੋਵੇ ਪਰ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਸੀਨੀਅਰ ਅਕਾਲੀ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਆਉਂਦੇ ਕੁਝ ਦਿਨਾਂ ’ਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੰਗਠਨਾਤਮਕ ਢਾਂਚੇ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਸੰਗਠਨਾਤਮਿਕ ਢਾਂਚੇ ਦੇ ਐਲਾਨ ਤੋਂ ਬਾਅਦ ਹੋਰਨਾਂ ਪਾਰਟੀਆਂ ਨਾਲ ਸਬੰਧਤ ਕਈ ਅਹਿਮ ਨੇਤਾ ਇਸ ਦਲ ਵਿੱਚ ਸ਼ਾਮਲ ਹੋ ਸਕਦੇ ਹਨ।
ਅਜਿਹੀਆਂ ਕਿਆਸ ਅਰਾਈਆਂ ਇਸ ਗਰੁੱਪ ਦੇ ਸੀਨੀਅਰ ਨੇਤਾਵਾਂ ਨਾਲ ਗੱਲਬਾਤ ਤੋਂ ਬਾਅਦ ਸਾਹਮਣੇ ਆ ਰਹੀਆਂ ਹਨ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ। ਉਨ੍ਹਾਂ ਦੇ ਸਿਆਸੀ ਵਿਰੋਧੀ ਵਾਰ-ਵਾਰ ਆਖਦੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਸਪੱਸ਼ਟ ਹੋ ਗਿਆ ਹੈ ਕਿ ਉਹ ਬਾਦਲ ਪਰਿਵਾਰ ਨਾਲ ਆਪਣਾ ਵਾਅਦਾ ਪੂਰਾ ਕਰ ਰਹੇ ਹਨ, ਜੇਕਰ ਬ੍ਰਹਮਪੁਰਾ, ਢੀਂਡਸਾ ਧੜਾ ਪੰਜਾਬ ਵਿਚ ਇੱਕ ਸਫ਼ਲ ਰਾਜਨੀਤਿਕ ਮੋਰਚਾ ਬਣਾਉਣ ਵਿਚ ਕਾਮਯਾਬ ਹੋ ਜਾਂਦੇ ਹਨ ਤਾਂ ਅਕਾਲੀ ਸਿਆਸਤ ਵਿੱਚ ਇੱਕ ਯੁੱਗ ਦੀ ਸ਼ੁਰੂਆਤ ਹੋਵੇਗੀ। ਇੱਥੇ ਇਹ ਵੀ ਵਰਣਨਯੋਗ ਹੈ ਕਿ ਢੀਂਡਸਾ ਤੇ ਬ੍ਰਹਮਪੁਰਾ ਧੜੇ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਵੀ ਸਮਰਥਨ ਮਿਲ ਰਿਹਾ ਹੈ।
ਪੁਰਾਣੇ ਫੈਡਰੇਸ਼ਨ ਆਗੂ ਬੀਰਦਵਿੰਦਰ ਸਿੰਘ ਵੀ ਇਸ ਵੇਲੇ ਢੀਂਡਸਾ ਨਾਲ ਹਨ । ਕਿਸੇ ਵੇਲੇ ਬਾਦਲ ਦਲ ਮੋਹਰਲੀਆ ਕਤਾਰਾ ਵਿੱਚ ਕੰਮ ਕਰਨ ਵਾਲੇ ਜਥੇਦਾਰ ਸੇਵਾ ਸਿੰਘ ਸੇਖਵਾਂ, ਪੁਰਾਣੇ ਯੂਥ ਆਗੂ ਨਿਧੜਕ ਸਿੰਘ ਬਰਾੜ , ਤੇਜਿੰਦਰ ਪਾਲ ਸਿੰਘ ਸੰਧੂ ਦਲਿਤਾਂ ਵਿੱਚ ਵਿਸੇਸ਼ ਥਾਂ ਰੱਖਣ ਵਾਲੀ ਜਥੇਦਾਰ ਧੰਨਾ ਸਿੰਘ ਗੁਲਸ਼ਨ ਦੀ ਬੇਟੀ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ , ਦਾਮਾਦ ਜਸਟਿਸ ਨਿਰਮਲ ਸਿੰਘ ਤੋਂ ਇਲਾਵਾ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਬੇਟੀ ਅਤੇ ਬੇਟਾ ਰਣਜੀਤ ਸਿੰਘ ਤਲਵੰਡੀ ਵੀ ਢੀਂਡਸਾ ਤੇ ਬ੍ਰਹਮਪੁਰਾ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਅਜਿਹੀਆਂ ਸੰਭਾਵਨਾਵਾਂ ਨਾਲ ਦੋਵੇਂ ਆਗੂ ਪੰਜਾਬ ਵਿਚ ਚੌਥਾ ਰਾਜਨੀਤਿਕ ਮੋਰਚਾ ਬਣਾਉਣ ਵਿਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ। ਢੀਂਡਸਾ, ਬ੍ਰਹਮਪੁਰਾ ਵੱਲੋਂ ਲਏ ਗਏ ਏਕਤਾ ਦੇ ਫ਼ੈਸਲੇ ਦਾ ਅਕਾਲੀ ਵਰਕਰਾਂ ਵਿੱਚ ਵੀ ਖੁਸ਼ੀ ਦੀ ਲਹਿਰ ਅਤੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ , ਫੈਡਰੇਸ਼ਨ ਭੌਮਾ ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਭੌਮਾ , ਫੈਡਰੇਸ਼ਨ ਖਾਲਸਾ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ, ਫੈਡਰੇਸ਼ਨ ਸੰਧੂ ਦੇ ਪ੍ਰਧਾਨ ਤੇਜਿੰਦਰ ਸਿੰਘ ਸੰਧੂ, ਸਾਬਕਾ ਫੈਡਰੇਸ਼ਨ ਪ੍ਰਧਾਨ ਭਾਈ ਜਸਬੀਰ ਸਿੰਘ ਘੁੰਮਣ, ਫੈਡਰੇਸ਼ਨ ਆਗੂ ਸਰਬਜੀਤ ਸਿੰਘ ਸੋਹਲ, ਫੈਡਰੇਸ਼ਨ ਆਗੂ ਦਵਿੰਦਰ ਸਿੰਘ ਸੋਢੀ, ਫੈਡਰੇਸ਼ਨ ਆਗੂ ਗੁਰਸੇਵ ਸਿੰਘ ਹਰਪਾਲਪੁਰ, ਫੈਡਰੇਸ਼ਨ ਆਗੂ ਸੁਰਿੰਦਰ ਸਿੰਘ ਕਿਸ਼ਨਪੁਰਾ ਵੀ ਢੀਂਡਸਾ ਨਾਲ ਚੱਲ ਰਹੇ ਹਨ। ਇਸ ਤੋਂ ਇਲਾਵਾ ਦਮਦਮੀ ਟਕਸਾਲ ਦੇ ਸਾਬਕਾ ਮੁੱਖ ਬੁਲਾਰੇ ਭਾਈ ਮੋਹਕਮ ਸਿੰਘ ਵੀ ਢੀਂਡਸਾ- ਬ੍ਰਹਮਪੁਰਾ ਨਾਲ ਚੱਲ ਰਹੇ ਹਨ । ਬਾਦਲ ਪਰਿਵਾਰ ਨਾਲ ਪਰਿਵਾਰਕ ਸਾਂਝ ਰੱਖਣ ਵਾਲੇ ਯੂਥ ਆਗੂ ਬੱਬੀ ਬਾਦਲ , ਤਕਰੀਬਨ 20 ਦੇ ਕਰੀਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇਸ ਵਕਤ ਢੀਂਡਸਾ-ਬ੍ਰਹਮਪੁਰਾ ਨਾਲ ਖੜ੍ਹੇ ਨਜ਼ਰ ਆ ਰਹੇ ਹਨ ।