ਕੈਨੇਡਾ ਪੱਕੇ ਹੋਣ ਦੇ ਇਛੁੱਕ ਲੋਕਾਂ ਲਈ ਸਾਲ 2021 ਵੱਡੀ ਰਾਹਤ ਲੈ ਕੇ ਆਇਆ ਹੈ। ਵਿਦੇਸ਼ ਤੋਂ ਕੈਨੇਡਾ ਦੀ ਧਰਤੀ 'ਤੇ ਪੁੱਜਣ ਵਾਲੇ ਲੋਕਾਂ ਨੂੰ ਇੱਥੇ ਪੱਕੇ ਹੋਣ ਦੇ ਕਈ ਮੌਕੇ ਮਿਲ ਸਕਦੇ ਹਨ। ਪੱਕੀ ਇਮੀਗ੍ਰੇਸ਼ਨ ਨਾਲ ਕੈਨੇਡਾ ਵਿਚ ਵਸੇਬਾ ਕਰਨ ਲਈ ਐਕਸਪ੍ਰੈੱਸ ਐਂਟਰੀ ਰਾਹੀਂ ਹਰ ਹਫ਼ਤੇ ਡਰਾਅ ਲਾਟਰੀ ਕੱਢਣ ਦਾ ਸਿਲਸਿਲਾ ਬੀਤੇ ਸਾਲ ਵਾਂਗ ਜਾਰੀ ਰਹੇਗਾ। ਪਿਛਲੇ ਹਫ਼ਤੇ 2021 ਦੇ ਪਹਿਲੇ ਡਰਾਅ ਵਿਚ ਐਕਸਪ੍ਰੈੱਸ ਐਂਟਰੀ ਦੇ 4,750 ਉਮੀਦਵਾਰਾਂ ਨੂੰ ਕੈਨੇਡੀਅਨ ਐਕਸਪੀਰੀਐਂਸ ਕਲਾਸ (ਸੀ. ਈ. ਸੀ.) ਤਹਿਤ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇਸ ਡਰਾਅ ਵਿਚ 461 ਜਾਂ ਇਸ ਤੋਂ ਵੱਧ ਸੀ. ਆਰ. ਐੱਸ. ਸਕੋਰ ਵਾਲੇ ਉਮੀਦਵਾਰਾਂ ਦੀ ਵੀ ਚੋਣ ਹੋਈ ਹੈ।
ਦੱਸ ਦਈਏ ਕਿ ਕੈਨੇਡਾ ਦੇ ਸੂਬਿਆਂ ਵਲੋਂ ਸੂਬਾਈ ਨਾਮਿਨੀ (ਪੀ. ਐੱਨ. ਪੀ.) ਤਹਿਤ ਵੀ ਇਸ ਸਾਲ ਦੇ ਡਰਾਅ ਕੱਢਣੇ ਸ਼ੁਰੂ ਕਰ ਦਿੱਤੇ ਗਏ ਹਨ, ਜਿਨ੍ਹਾਂ 'ਚ ਕੈਨੇਡਾ 'ਚ ਪੜ੍ਹਾਈ ਕਰਕੇ ਵਰਕ ਪਰਮਿਟ ਲੈ ਚੁੱਕੇ ਢੁਕਵੇਂ ਉਮੀਦਵਾਰਾਂ ਨੂੰ ਪੱਕੇ ਹੋਣ ਦਾ ਮੌਕਾ ਮਿਲ ਰਿਹਾ ਹੈ। ਇਹ ਉਨ੍ਹਾਂ ਲਈ ਵੱਡਾ ਮੌਕਾ ਹੈ, ਜੋ ਪੜ੍ਹਾਈ ਕਰਕੇ ਇੱਥੇ ਵਸੇਬੇ ਦੇ ਸੁਫ਼ਨੇ ਸਜਾਈ ਬੈਠੇ ਹਨ। ਸਟੱਡੀ ਪਰਮਿਟ ਦੇ ਨਾਲ-ਨਾਲ ਪੱਕੇ ਵੀਜ਼ੇ ਵੀ ਜਾਰੀ ਕੀਤੇ ਜਾ ਰਹੇ ਹਨ ਤੇ ਇਹ ਸੁਨਹਿਰੀ ਮੌਕਾ ਹੈ। ਦੱਸ ਦਈਏ ਕਿ 2020 'ਚ ਤਾਂ ਇਕ ਸਮੇਂ ਇਹ ਸਕੋਰ 415 ਤੱਕ ਡਿੱਗ ਗਿਆ ਸੀ ਤੇ ਸਾਰੇ ਸਾਲ ਦੌਰਾਨ 1,07,350 ਉਮੀਦਵਾਰਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਮਿਲਿਆ ਸੀ। ਕੈਨੇਡਾ ਵਲੋਂ 2021 'ਚ 4,01,000 ਇਮੀਗ੍ਰਾਂਟਾਂ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਨੂੰ ਪੂਰਾ ਕਰਨ ਲਈ ਦੇਸ਼ ਅੰਦਰ ਅਤੇ ਵਿਦੇਸ਼ਾਂ ਤੋਂ ਐਕਸਪ੍ਰੈੱਸ ਐਂਟਰੀ ਦੇ ਉਮੀਦਵਾਰਾਂ ਨੂੰ ਹਰੇਕ ਦੂਸਰੇ ਹਫ਼ਤੇ ਮੌਕਾ ਮਿਲੇਗਾ।