ਰਾਜੇਵਾਲ ਦੀ ਸਟੇਜ ਤੋਂ ਸਿੱਧੀ ਚਿਤਾਵਨੀ, ਸਪੀਚ ਰੋਕ ਕੇ ਲੱਗੇ ਜੈਕਾਰੇ

Tags

ਦਿੱਲੀ ਵਿਖੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ 26 ਤਾਰੀਖ਼ ਨੂੰ ਸਾਰੇ ਮਿਲ ਕੇ ਇਕ ਨਵਾਂ ਇਤਿਹਾਸ ਸਿਰਜਣ ਜਾ ਰਹੇ ਹਾਂ। ਇਸ ਟਰੈਕਟਰ ਪਰੇਡ ਨੂੰ ਪੂਰੀ ਦੁਨੀਆ ਵੇਖੇਗੀ। ਹਿੰਦੋਸਤਾਨ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋ¬ਕ੍ਰੇਸੀ (ਲੋਕਤੰਤਰ) ਕਿਹਾ ਜਾਂਦਾ ਹੈ। 26 ਜਨਵਰੀ ਗਣਤੰਤਰ ਦਿਵਸ ਹੈ, ਜਿਸ ’ਚ ਲੋਕਾਂ ਦੀ ਸ਼ਮੂਲੀਅਤ ਸਭ ਤੋਂ ਵੱਧ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਤੁਹਾਡੀ ਮਿਹਨਤ ਹੈ ਕਿ ਦੋ ਮਹੀਨਿਆਂ ਤੋਂ ਇੰਨੀ ਠੰਡ ’ਚ ਤੁਸੀਂ ਇੱਥੇ ਡੇਰੇ ਲਾ ਕੇ ਬੈਠੇ ਹੋ। ਇਸ ਵਾਰ ਸਾਰੀ ਦੁਨੀਆ ਵੇਖੇਗੀ ਕਿ ਹਿੰਦੋਸਤਾਨ ਦਾ ਢਿੱਡ ਭਰਨ ਵਾਲੇ ਲੋਕ, ਮਿਹਨਤੀ ਲੋਕ ਜੋ ਇਸ ਦਾ ਗਣ ਹਨ, ਉਹ ਆਪਣਾ ਗਣਤੰਤਰ ਦਿਵਸ ਮਨਾਉਣਗੇ।

ਪੰਜਾਬ ’ਚ ਵੱਸਣ ਵਾਲੇ ਲੋਕ ਇਸ ਅੰਦੋਲਨ ਦਾ ਧੁਰਾ ਬਣੇ। ਪੰਜਾਬ ਤੋਂ ਬਾਹਰ ਨਿਕਲ ਕੇ ਤੁਸੀਂ ਹਰਿਆਣਾ ਨੂੰ ਗਲਵਕੜੀ ਪਾਈ। ਸਰਕਾਰ ਕਹਿੰਦੀ ਸੀ ਕਿ ਇਹ ਅੰਦੋਲਨ ਸਿਰਫ਼ ਪੰਜਾਬੀਆਂ ਦਾ ਹੈ ਅਤੇ ਫਿਰ ਕਹਿਣ ਲੱਗੀ ਕਿ ਇਹ ਪੰਜਾਬ ਅਤੇ ਹਰਿਆਣਾ ਦਾ ਹੈ ਪਰ ਮਨੁੱਖਤਾ ਦੀ ਲੜੀ ਜੋ ਕਿ ਮਹਾਰਾਸ਼ਟਰ ਤੋਂ 2000 ਦਾ ਜੱਥਾ ਪੈਦਲ ਤੁਰ ਕੇ ਇਸ ਅੰਦੋਲਨ ’ਚ ਸ਼ਾਮਲ ਹੋਇਆ। ਰਾਜੇਵਾਲ ਨੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਦਿੱਲੀ ਵਿਖੇ ਗਣਤੰਤਰ ਦਿਵਸ ਮਨਾਵਾਂਗੇ। ਆਖ਼ਰਕਾਰ ਕੱਲ੍ਹ ਸਰਕਾਰ ਨੂੰ ਝੁੱਕਣਾ ਪਿਆ। 6 ਨਾਕਿਆਂ ਤੋਂ ਕਿਸਾਨ ਆਪਣੇ ਟਰੈਕਟਰਾਂ ’ਤੇ ਦਿੱਲੀ ਦੇ ਅੰਦਰ ਗਣੰਤਤਰ ਪਰੇਡ ਕਰਨ ਲਈ ਜਾਵੇਗਾ। ਹਰੇਕ ਨਾਕੇ ਲਈ 100-100 ਮੀਟਰ ਦਾ ਰੂਟ ਤੈਅ ਹੋਇਆ ਹੈ।

ਰਾਜੇਵਾਲ ਨੇ ਇਹ ਵੀ ਕਿਹਾ ਕਿ ਗਣਤੰਤਰ ਦਿਵਸ ਨੂੰ ਅਸੀਂ ਗਣ, ਅਸਲੀ ਲੋਕ ਮਨਾਉਣਗੇ, ਤੁਹਾਨੂੰ ਪੂਰੀ ਦੁਨੀਆ ਨੇ ਵੇਖਣਾ ਹੈ। ਉਨ੍ਹਾਂ ਆਖਿਆ ਕਿ ਭਾਰਤ ਤੋਂ ਬਾਹਰੋਂ ਕਰੀਬ 1000 ਟੀ. ਵੀ. ਚੈਨਲ ਇੱਥੇ ਦਿੱਲੀ ਪਹੁੰਚ ਗਏ ਹਨ, ਜੋ ਕਿ ਪਰੇਡ ਨੂੰ ਪੂਰੀ ਦੁਨੀਆ ’ਚ ਵਿਖਾਉਣਗੇ।