ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੇਂ ਸੰਸਦ ਭਵਨ ਦੀ ਨੀਂਹ ਰੱਖ ਦਿੱਤੀ ਹੈ। ਉਨ੍ਹਾਂ ਪਹਿਲਾਂ ਭੂਮੀ ਪੂਜਨ ਕੀਤਾ ਤੇ ਫਿਰ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ। ਉਸ ਤੋਂ ਬਾਅਦ ਸਰਬ ਧਰਮ ਪ੍ਰਾਰਥਨਾ ਹੋਈ। ਨਵੇਂ ਸੰਸਦ ਭਵਨ ਦੀ ਉਸਾਰੀ ਅਕਤੂਬਰ 2022 ਤੱਕ ਮੁਕੰਮਲ ਕਰਨ ਦੀ ਪੂਰੀ ਤਿਆਰੀ ਹੈ, ਤਾਂ ਜੋ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਹੋਣ ਵਾਲਾ ਸੈਸ਼ਨ ਇਸੇ ਨਵੀਂ ਇਮਾਰਤ ਵਿੱਚ ਹੋਵੇ। ਨਵਾਂ ਸੰਸਦ ਭਵਨ ਅਤਿਆਧੁਨਿਕ ਤਕਨੀਕੀ ਸਹੂਲਤਾਂ ਨਾਲ ਲੈਸ ਹੋਵੇਗਾ।
ਸੋਲਰ ਸਿਸਟਮ ਨਾਲ ਊਰਜਾ ਦੀ ਬੱਚਤ ਹੋਵੇਗੀ। ਨਵੀਂ ਲੋਕ ਸਭਾ ਮੌਜੂਦਾ ਆਕਾਰ ਤੋਂ ਤਿੰਨ ਗੁਣਾ ਵੱਡੀ ਹੋਵੇਗੀ ਤੇ ਰਾਜ ਸਭਾ ਕੇ ਆਕਾਰ ਵਿੱਚ ਵਾਧਾ ਕੀਤਾ ਗਿਆ ਹੈ। ਇਸ ਸਮਾਰੋਹ ’ਚ ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ, ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਨਾਰਾਇਣ ਸਿੰਘ ਸ਼ਾਮਲ ਹੋਏ। ਨਵਾਂ ਸੰਸਦ ਭਵਨ ਸ਼ਾਸਤਰੀ ਭਵਨ ਕੋਲ ਪਈ ਖ਼ਾਲੀ ਜ਼ਮੀਨ ਉੱਤੇ ਬਣਾਹਿਆ ਜਾਵੇਗਾ। ਨਵੇਂ ਸੰਸਦ ਭਵਨ ਦੀ ਉਸਾਰੀ ਲਗਭਗ 64,500 ਵਰਗ ਮੀਟਰ ਜ਼ਮੀਨ ਉੱਤੇ ਹੋਵੇਗੀ, ਜੋ ਪੁਰਾਣੀ ਸੰਸਦ ਤੋਂ 17 ਹਜ਼ਾਰ ਵਰਗ ਮੀਟਰ ਵੱਡੀ ਹੈ।
ਨਵੇਂ ਸੰਸਦ ਭਵਨ ਵਿੱਚ ਲੋਕ ਸਭਾ ਮੈਂਬਰਾਂ ਲਈ 888 ਸੀਟਾਂ ਤੇ ਰਾਜ ਸਭਾ ਮੈਂਬਰਾਂ ਲਈ 326 ਸੀਟਾਂ ਹੋਣਗੀਆਂ। ਇੰਨਾ ਹੀ ਨਹੀਂ, ਇਸ ਵਿੱਚ 1,224 ਮੈਂਬਰਾਂ ਦੇ ਇੱਕੋ ਵਾਰੀ ਬੈਠਣ ਦਾ ਇੰਤਜ਼ਾਮ ਵੀ ਹੋਵੇਗਾ। ਹਰੇਕ ਮੈਂਬਰ ਲਈ 400 ਵਰਗ ਫ਼ੁੱਟ ਦਾ ਇੱਕ ਦਫ਼ਤਰ ਵੀ ਇਸ ਨਵੀਂ ਇਮਾਰਤ ਵਿੱਚ ਹੋਵੇਗਾ। ਕੇਂਦਰੀ ਕੈਬਿਨੇਟ ਮੰਤਰੀ, ਰਾਜ ਮੰਤਰੀ, ਸੰਸਦ ਮੈਂਬਰਾਂ ਸਮੇਤ ਲਗਪਗ 200 ਆਗੂ ਲਾਈਵ ਵੈੱਬਕਾਸਟ ਰਾਹੀਂ ਇਸ ਭੂਮੀ ਪੂਜਨ ਸਮਾਰੋਹ ਵਿੱਚ ਮੌਜੂਦ ਰਹੇ।