ਕਿਸਾਨ ਅੰਦੋਲਨ ਦਾ ਅੱਜ 18ਵਾਂ ਦਿਨ ਹੈ। ਵੱਡੀ ਗਿਣਤੀ 'ਚ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਕਿਸਾਨ ਜਥੇਬੰਦੀਆਂ ਦੇ ਆਗੂ ਰੋਜ਼ਾਨਾ ਪ੍ਰੈੱਸ ਕਾਨਫਰੰਸ ਕਰ ਕੇ ਆਪਣੀ ਅਗਲੀ ਰਣਨੀਤੀ ਬਾਰੇ ਦੱਸਦੇ ਹਨ। ਅੱਜ ਦੀ ਬੈਠਕ 'ਚ ਕਿਸਾਨ ਜਥੇਬੰਦੀਆਂ ਨੇ ਅਹਿਮ ਫ਼ੈਸਲਾ ਲਿਆ ਹੈ। ਕਿਸਾਨ ਜਥੇਬੰਦੀਆਂ ਅੰਦੋਲਨ ਤੇਜ਼ ਕਰਨਗੇ ਅਤੇ ਸਰਕਾਰ 'ਤੇ ਦਬਾਅ ਵਧਾਉਣ ਲਈ ਭੁੱਖ-ਹੜਤਾਲ ਕਰਨਗੇ। ਕਿਸਾਨਾਂ ਦੀ ਇਹ ਭੁੱਖ-ਹੜਤਾਲ ਰਾਜਧਾਨੀ ਦਿੱਲੀ ਦੇ ਗਾਜ਼ੀਪੁਰ, ਟਿਕਰੀ, ਸਿੰਘੂ ਸਰਹੱਦ ਸਮੇਤ ਹੋਰ ਥਾਵਾਂ 'ਤੇ ਕੀਤੀ ਜਾਵੇਗੀ। ਕਿਸਾਨ ਆਗੂ ਗੁਰਨਾਮ ਸਿੰਘ ਨੇ ਸਿੰਘੂ ਸਰਹੱਦ 'ਤੇ ਕਿਹਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਮੁਖੀ ਸੋਮਵਾਰ ਨੂੰ 14 ਦਸੰਬਰ ਕੱਲ੍ਹ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ਕਰਨਗੇ।
ਇਸ ਦੇ ਨਾਲ ਹੀ ਸਾਰੇ ਡੀ. ਸੀ. ਹੈੱਡਕੁਆਰਟਰਾਂ ਸਾਹਮਣੇ ਧਰਨਾ ਪ੍ਰਦਰਸ਼ਨ ਚੱਲੇਗਾ। ਓਧਰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅੰਦੋਲਨ 'ਚ ਸਾਨੂੰ ਹਰ ਥਾਂ ਨਜ਼ਰ ਰੱਖਣ ਦੀ ਲੋੜ ਹੈ, ਤਾਂ ਕਿ ਕੋਈ ਗਲਤ ਤੱਤ ਸਾਡੇ ਦਰਮਿਆਨ ਨਾ ਹੋਵੇ। ਜੇਕਰ ਸਰਕਾਰ ਸਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ ਤਾਂ ਅਸੀਂ ਇਕ ਕਮੇਟੀ ਦਾ ਗਠਨ ਕਰਾਂਗੇ ਅਤੇ ਅੱਗੇ ਦੇ ਫ਼ੈਸਲੇ ਲਵਾਂਗੇ। ਇਹ ਅੰਦੋਲਨ ਨਾ ਪਾਰਟੀ ਦਾ ਰਿਹਾ ਅਤੇ ਨਾ ਹੀ ਸੰਗਠਨ ਦਾ ਰਿਹਾ, ਇਹ ਅੰਦੋਲਨ ਆਮ ਆਦਮੀ ਦਾ ਅੰਦੋਲਨ ਬਣ ਚੁੱਕਾ ਹੈ। ਅਸੀਂ ਸਾਰੇ ਇਕਜੁੱਟ ਹਨ। ਸਾਡਾ ਸਟੈਂਡ ਬਿਲਕੁੱਲ ਸਪੱਸ਼ਟ ਹੈ ਕਿ ਜਦੋਂ ਤੱਕ ਸਰਕਾਰ ਤਿੰਨੋਂ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਐੱਮ. ਐੱਸ. ਪੀ. 'ਤੇ ਗਰੰਟੀ ਕਾਨੂੰਨ ਨਹੀਂ ਬਣਾਉਂਦੀ, ਉਦੋਂ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ।
ਸਰਕਾਰ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਨੂੰ ਪਟੜੀ ਤੋਂ ਉਤਾਰਨ ਲਈ ਸਾਜਿਸ਼ ਰਚ ਰਹੀ ਹੈ। ਇਕ ਹੋਰ ਕਿਸਾਨ ਆਗੂ ਸ਼ਿਵਕੁਮਾਰ ਕੱਕਾ ਨੇ ਕਿਹਾ ਕਿ ਸਰਕਾਰੀ ਏਜੰਸੀਆਂ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕ ਰਹੀ ਹੈ, ਸਾਡੀਆਂ ਮੰਗਾਂ ਪੂਰੀਆਂ ਹੋਣ ਤੱਕ ਸਾਡਾ ਪ੍ਰਦਰਸ਼ਨ ਜਾਰੀ ਰਹੇਗਾ। ਸਾਡਾ ਰੁਖ਼ ਸਾਫ ਹੈ, ਅਸੀਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣਾ ਚਾਹੁੰਦੇ ਹਾਂ। ਇਸ ਅੰਦੋਲਨ ਵਿਚ ਸ਼ਾਮਲ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਹਨ। 19 ਦਸੰਬਰ ਤੋਂ ਪ੍ਰਸਤਾਵਿਤ ਅਣਮਿੱਥੇ ਸਮੇਂ ਦੀ ਭੁੱਖ-ਹੜਤਾਲ ਰੱਦ ਕੀਤੀ ਗਈ ਹੈ, ਇਸ ਦੀ ਬਜਾਏ ਸੋਮਵਾਰ ਨੂੰ ਇਕ ਦਿਨਾਂ ਹੜਤਾਲ ਰਹੇਗੀ।