ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਅਨੁਸਾਰ ਦਿੱਲੀ 'ਚ ਸਤੰਬਰ 'ਚ 21 ਮਿਲੀਮੀਟਰ ਤੋਂ ਵੀ ਘੱਟ ਮੀਂਹ ਪਿਆ, ਜੋ ਕਿ 16 ਸਾਲਾਂ 'ਚ ਇਸ ਮਹੀਨੇ 'ਚ ਪਿਆ ਸਭ ਤੋਂ ਘੱਟ ਮੀਂਹ ਹੈ। ਆਈ.ਐੱਮ.ਡੀ. ਦੀ ਖੇਤਰੀ ਭਵਿੱਖਬਾਣੀ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਦਿੱਲੀ 'ਚ ਮਾਨਸੂਨ ਦਾ ਆਖਰੀ ਮੀਂਹ ਪੈ ਚੁੱਕਿਆ ਹੈ ਅਤੇ ਹੁਣ ਮੀਂਹ ਪੈਣ ਦੀ ਉਮੀਦ ਨਾ ਦੇ ਬਰਾਬਰ ਹੈ। ਆਈ.ਐੱਮ.ਡੀ. ਅਨੁਸਾਰ ਰਾਸ਼ਟਰੀ ਰਾਜਧਾਨੀ 'ਚ ਇਸ ਸਾਲ ਸਤੰਬਰ 'ਚ ਸਿਰਫ਼ 3 ਦਿਨ ਚੰਗਾ ਮੀਂਹ ਪਿਆ। ਇਸ ਤੋਂ ਪਹਿਲਾਂ 2016 'ਚ ਸਭਤੋਂ ਘੱਟ ਮੀਂਹ ਪਿਆ ਸੀ, ਜਦੋਂ ਸਿਰਫ਼ 2 ਦਿਨ ਚੰਗਾ ਮੀਂਹ ਪਿਆ ਸੀ।
ਦਿਲਚਸਪ ਗੱਲ ਇਹ ਹੈ ਕਿ ਦਿੱਲੀ 'ਚ ਇਸ ਸਾਲ ਅਗਸਤ 'ਚ 237 ਮਿਲੀਮੀਟਰ ਮੀਂਹ ਹੋਇਆ, ਜੋ ਪਿਛਲੇ 7 ਸਾਲਾਂ 'ਚ ਅਗਸਤ ਮਹੀਨੇ 'ਚ ਪਿਆ ਸਭ ਤੋਂ ਮੀਂਹ ਹੈ। ਆਈ.ਐੱਮ.ਡੀ. ਦੇ ਅੰਕੜਿਆਂ ਅੁਸਾਰ, ਸਫ਼ਦਰਗੰਜ ਵੇਧਸ਼ਾਲਾ 'ਚ 109.3 ਮਿਲੀਮੀਟਰ ਆਮ ਮੀਂਹ ਦੀ ਬਜਾਏ ਸਿਰਫ਼ 20.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜੋ ਕਿ 81 ਫੀਸਦੀ ਘੱਟ ਸੀ। ਵੇਧਸ਼ਾਲਾ 'ਚ ਆਖਰੀ ਵਾਰ 8 ਸਤੰਬਰ 1.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਕੁੱਲ ਮਿਲਾ ਕੇ ਰਾਸ਼ਟਰੀ ਰਾਜਧਾਨੀ 'ਚ ਇਕ ਜੂਨ ਤੋਂ ਲੈ ਕੇ ਹੁਣ ਤੱਕ 633.1 ਮਿਲੀਮੀਟਰ ਆਮ ਮੀਂਹ ਦੀ ਬਜਾਏ 576.5 ਮਿਲੀਮੀਟਰ ਮੀਂਹ ਪਿਆ, ਜੋ ਕਿ 9 ਫੀਸਦੀ ਘੱਟ ਹੈ।