ਕੋਰੋਨਾ ਤੇਂ ਬਚਣ ਲਈ ਪੰਜਾਬ ਸਰਕਾਰ ਨੇ ਲੱਭਿਆ ਨਵਾਂ ਰਾਹ

Tags

ਪੰਜਾਬ 'ਚ ਕੋਰੋਨਾ ਕੇਸ ਵੱਧ ਰਹੇ ਹਨ। ਕੋਰੋਨਾ ਦੀ ਵੈਕਸੀਨ ਤਾਂ ਨਹੀਂ ਮਿਲੀ, ਪਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਤੋਂ ਬਚਣ ਦਾ ਇੱਕੋ ਹੱਲ ਵੱਧ ਤੋਂ ਵੱਧ ਟੈਸਟਿੰਗ ਹੈ। ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓ.ਪੀ.ਸੋਨੀ ਵਲੋਂ ਅੱਜ ਕੋਵਿਡ-19 ਸਬੰਧੀ ਵਾਇਰਲ ਟੈਸਟਿੰਗ ਲੈਬ ਦਾ ਜਲੰਧਰ ਵਿਖੇ ਉਦਘਾਟਨ ਕੀਤਾ ਗਿਆ। ਸੋਨੀ ਨੇ ਦੱਸਿਆ ਕਿ ਇਨ੍ਹਾਂ ਲੈਬਾਰਟਰੀਆਂ ਵਿੱਚ ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਕੋਵਿਡ-19 ਦੇ ਟੈਸਟਾਂ ਲਈ ਲੋੜੀਂਦਾ ਮੈਡੀਕਲ ਸਾਜ਼ੋ ਸਮਾਨ, ਲੈਬ ਅਮਲਾ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਤਜਰਬੇਕਾਰ ਡਾਕਟਰ ਅਤੇ ਸਾਇੰਟਿਸਟ ਤਾਇਨਾਤ ਕੀਤੇ ਗਏ ਹਨ।

ਇਸ ਦੌਰਾਨ ਓਪੀ ਸੋਨੀ ਨੇ ਕਿਹਾ ਕਿ ਇਸ ਲੈਬਾਰਟਰੀ ਵਲੋਂ ਰੋਜ਼ਾਨਾ ਕੋਵਿਡ-19 ਸਬੰਧੀ 1000 ਟੈਸਟ ਕੀਤੇ ਜਾ ਸਕਣਗੇ ਅਤੇ ਇਸ ਤਰ੍ਹਾਂ ਦੀ ਸੂਬੇ ਵਿੱਚ ਚਾਰ ਲੈਬਾਰਟਰੀਆਂ ਖੁੱਲ ਜਾਣ ਨਾਲ ਪੰਜਾਬ ਵਿੱਚ ਰੋਜ਼ਾਨਾ ਟੈਸਟ ਕਰਨ ਦੀ ਸਮਰੱਥਾ 16000 ਪ੍ਰਤੀ ਦਿਨ ਤੱਕ ਪਹੁੰਚ ਜਾਵੇਗੀ ਜਿਸ ਨਾਲ ਕੋਰੋਨਾਵਾਇਰਸ ਦੀ ਜਲਦੀ ਜਾਂਚ ਅਤੇ ਇਲਾਜ ਕਰਕੇ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕੇਗਾ। ਸੋਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਕੋਵਿਡ ਦੇ ਵੱਧ ਰਹੇ ਕੇਸਾਂ ਕਰਕੇ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਵਚਨਬੱਧ ਹੈ ਅਤੇ ਕੋਵਿਡ ਦੇ ਮਰੀਜ਼ਾਂ ਲਈ ਹਰ ਸੰਭਵ ਇਲਾਜ ਮੁਹੱਈਆ ਕਰਵਾਉਣ ਲਈ ਮੈਡੀਕਲ ਬੁਨਿਆਦੀ ਢਾਂਚੇ ਦੇ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਜਾ ਰਿਹਾ ਹੈ।

ਸੋਨੀ ਨੇ ਦੱਸਿਆ ਕਿ ਇਸ ਸਹੂਲਤ ਦੇ ਇਥੇ ਸ਼ੁਰੂ ਹੋਣ ਨਾਲ ਹੁਣ ਜਾਂਚ ਲਈ ਨਮੂਨਿਆਂ ਨੂੰ ਕਿਤੇ ਹੋਰ ਭੇਜਣ ਦੀ ਲੋੜ ਨਹੀਂ ਪਵੇਗੀ ਇਸ ਨਾਲ ਸਥਾਨਕ ਸਿਹਤ ਵਿਭਾਗ ਨੂੰ ਟੈਸਟ ਕਰਕੇ ਕੋਵਿਡ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਜਲਦੀ ਪਤਾ ਲਗਾ ਕੇ ਇਲਾਜ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ।