ਦੁਨੀਆ ਭਰ ਵਿਚ 1.3 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਲਪੇਟ ਵਿਚ ਲੈਣ ਵਾਲੇ ਕੋਰੋਨਾਵਾਇਰਸ ਦੀ ਵੈਕਸੀਨ ਵੱਲ ਪਹਿਲੀ ਸਫਲਤਾ ਦੇਖੀ ਜਾ ਰਹੀ ਹੈ। ਰਾਸ਼ਟਰਪਤੀ ਟਰੰਪ ਨੇ ਬੁੱਧਵਾਰ ਨੂੰ ਟਵੀਟ ਕੀਤਾ ਹੈ ਕਿ ਵੈਕਸੀਨ 'ਤੇ ਬਹੁਤ ਚੰਗੀ ਖਬਰ ਹੈ। ਹਾਲਾਂਕਿ ਟਰੰਪ ਨੇ ਆਪਣੇ ਟਵੀਟ ਵਿਚ ਇਸ ਤੋਂ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਪਰ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮੋਡੇਰਨਾ ਦੀ ਕਾਮਯਾਬੀ 'ਤੇ ਟਰੰਪ ਦੀ ਇਹ ਪ੍ਰਤੀਕਿਰਿਆ ਆਈ ਹੈ। ਅਮਰੀਕਾ ਦੀ ਕੰਪਨੀ ਮੋਡੇਰਨਾ ਇੰਕ Moderna Inc ਦੀ ਵੈਕਸੀਨ mRNA-1273 ਆਪਣੇ ਪਹਿਲੇ ਟ੍ਰਾਇਲ ਵਿਚ ਪੂਰੀ ਤਰ੍ਹਾਂ ਨਾਲ ਸਫਲ ਰਹੀ ਹੈ।
ਇਸ ਤੋਂ ਬਾਅਦ ਬੁੱਧਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਖੁਸ਼ੀ ਜਤਾਈ ਹੈ। Moderna Inc ਦੇ ਪਹਿਲੇ ਟੈਸਟ ਵਿਚ 45 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਜੋ ਸਿਹਤਮੰਦ ਸਨ ਅਤੇ ਉਨ੍ਹਾਂ ਦੀ ਉਮਰ 18 ਤੋਂ 55 ਸਾਲ ਵਿਚਾਲੇ ਸੀ ਅਤੇ ਇਸ ਦੇ ਨਤੀਜੇ ਸਫਲ ਰਹੇ। ਇਸ ਵੈਕਸੀਨ ਨਾਲ ਇਮਿਊਨ ਸਿਸਟਮ ਨੂੰ ਅਜਿਹਾ ਹੀ ਫਾਇਦਾ ਪਹੁੰਚਿਆ ਹੈ ਜਿਵੇਂ ਕਿ ਸਾਇੰਸਦਾਨਾਂ ਨੇ ਉਮੀਦ ਕੀਤੀ ਸੀ। ਹੁਣ ਇਸ ਵੈਕਸੀਨ ਦਾ ਅਹਿਮ ਟ੍ਰਾਇਲ ਕੀਤਾ ਜਾਣਾ ਹੈ।