ਪੰਜਾਬ ਸਰਕਾਰ ਨੇ ਇੰਤਕਾਲ ਫ਼ੀਸ 300 ਤੋਂ ਵਧਾ ਕੇ 600 ਰੁਪਏ ਕਰ ਦਿੱਤੀ ਹੈ। ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਹੋਈ ਪੰਜਾਬ ਕੈਬਨਿਟ ਮੀਟਿੰਗ 'ਚ ਲਿਆ ਗਿਆ। ਪਹਿਲਾਂ ਫ਼ੀਸ ਇੱਕ ਰੁਪਏ ਤੋਂ ਵਧਾ ਕੇ 50 ਰੁਪਏ ਕੀਤੀ ਗਈ ਤੇ ਦੂਸਰੀ ਵਾਰ 100 ਰੁਪਏ ਕੀਤੀ ਗਈ। ਮੁੱਖ ਮੰਤਰੀ ਵਜੋਂ ਰਜਿੰਦਰ ਕੌਰ ਭੱਠਲ ਦੇ ਕਾਰਜਕਾਲ ਦੌਰਾਨ ਇੰਤਕਾਲ ਫ਼ੀਸ ਵਧਾ ਕੇ 150 ਰੁਪਏ ਕਰ ਦਿੱਤੀ ਗਈ। ਮਗਰੋਂ ਆਈ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਇੰਤਕਾਲ ਫ਼ੀਸ ਵਧਾ ਕੇ 300 ਰੁਪਏ ਕਰ ਦਿੱਤੀ ਸੀ।
ਸਰਕਾਰ ਨੇ ਤਰਕ ਦਿੱਤਾ ਹੈ ਕਿ ਸੂਬੇ ਦੀ ਮਾਲੀ ਹਾਲਤ ਨੂੰ ਹੋਰ ਸੁਧਾਰਨ ਤੇ ਵਾਧੂ ਮਾਲੀਆ ਜੁਟਾਉਣ ਲਈ ਇਹ ਫੈਸਲਾ ਲਿਆ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਸੂਬੇ ਦੇ ਖ਼ਜ਼ਾਨੇ ਨੂੰ ਕਰੀਬ 10 ਕਰੋੜ ਰੁਪਏ ਦਾ ਫ਼ਾਇਦਾ ਹੋਵੇਗਾ। ਦੱਸ ਦਈਏ ਕਿ ਇੱਕ ਅੰਦਾਜ਼ੇ ਅਨੁਸਾਰ ਪੰਜਾਬ ਵਿੱਚ ਸਾਲਾਨਾ ਕਰੀਬ 8.25 ਲੱਖ ਇੰਤਕਾਲ ਹੁੰਦੇ ਹਨ। ਪੰਜਾਬ ’ਚ ਹਰ ਮਹੀਨੇ 69 ਹਜ਼ਾਰ ਦੇ ਕਰੀਬ ਇੰਤਕਾਲ ਦਰਜ ਹੁੰਦੇ ਹਨ। ਸੂਤਰਾਂ ਅਨੁਸਾਰ ਬੇਅੰਤ ਸਰਕਾਰ ਸਮੇਂ ਪੰਜਾਬ ਵਿੱਚ ਇੰਤਕਾਲ ਫ਼ੀਸ ਵਿੱਚ ਵਾਧਾ ਹੋਇਆ ਸੀ।