ਪੰਜਾਬ ‘ਚ ਬੱਸਾਂ ਦਾ ਕਿਰਾਇਆ ਵਧਾ ਕੇ ਕੈਪਟਨ ਸਰਕਾਰ ਨੇ ਕੋਰੋਨਾ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਲੋਕਾਂ ‘ਤੇ ਇੱਕ ਹੋਰ ਵੱਡਾ ਬੋਝ ਪਾ ਦਿੱਤਾ ਹੈ। ਪੰਜਾਬ ‘ਚ ਅੱਜ ਤੋਂ ਬੱਸ ਸਫ਼ਰ ਮਹਿੰਗਾ ਹੋ ਗਿਆ ਹੈ।ਪੰਜਾਬ ਸਰਕਾਰ ਨੇ ਬੱਸਾਂ ਦੇ ਕਿਰਾਏ ਵਿਚ ਵਾਧਾ ਕਰ ਦਿੱਤਾ ਹੈ। ਹੁਣ ਬੱਸਾਂ ਦਾ ਵਧਿਆ ਹੋਇਆ ਕਿਰਾਇਆ ਪਹਿਲੀ ਜੁਲਾਈ ਤੋਂ ਲਾਗੂ ਹੋ ਜਾਵੇਗਾ। ਪੰਜਾਬ ਸਰਕਾਰ ਵੱਲੋ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਸਧਾਰਨ ਬੱਸ ਦਾ ਕਿਰਾਇਆ 122 ਪੈਸੇ ਪ੍ਰਤੀ ਕਿਲੋਮੀਟਰ ਵਸੂਲਿਆ ਜਾਵੇਗਾ। ਇਸੇ ਤਰ੍ਹਾਂ ਸਧਾਰਨ ਏਸੀ ਬੱਸ (ਐੱਚਵੀਏਸੀ) ਦੇ ਕਿਰਾਏ ਵਿਚ ਵਾਧਾ ਕਰਦੇ ਹੋਏ 146.20 ਪੈਸੇ ਪ੍ਰਤੀ ਕਿਲੋਮੀਟਰ ਕੀਤਾ ਗਿਆ ਹੈ।
ਲਗਜ਼ਰੀ ਏਸੀ ਬੱਸ ਦਾ ਕਿਰਾਇਆ 219.60 ਪੈਸੇ ਪ੍ਰਤੀ ਕਿਲੋਮੀਟਰ ਵਧਾਇਆ ਗਿਆ ਹੈ ,ਜਦਕਿ ਸੁਪਰ ਲਗਜ਼ਰੀ ਕੋਚ ਦਾ ਕਿਰਾਇਆ 244 ਪੈਸੇ ਪ੍ਰਤੀ ਕਿਲੋਮੀਟਰ ਵਧਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਆਮ ਬੱਸਾਂ ਦਾ ਕਿਰਾਇਆ 6 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਵਧਾਇਆ ਗਿਆ ਹੈ। ਜਦਕਿ ਐੱਚ.ਵੀ.ਏ.ਸੀ. ਬੱਸਾਂ ਦਾ ਕਿਰਾਇਆ 7 ਪੈਸੇ ਪ੍ਰਤੀ ਕਿਲੋਮੀਟਰ ਵਧਾਇਆ ਗਿਆ ਹੈ। ਇਸੇ ਤਰ੍ਹਾਂ ਵੋਲਵੋ ਬੱਸਾਂ ਦੇ ਕਿਰਾਏ ਵਿੱਚ 10 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਦੌਰਾਨ ਬੱਸਾਂ ਦਾ ਘੱਟੋਂ -ਘੱਟ ਕਿਰਾਇਆ 10 ਰੁਪਏ ਤੈਅ ਕੀਤਾ ਗਿਆ ਹੈ। ਇਸ ਦੇ ਨਾਲ ਲੰਮੇ ਰੂਟਾਂ ‘ਤੇ ਇਸ ਵਾਧੇ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ।