ਕੈਨੇਡਾ ਤੋਂ ਵੈਕਸੀਨ ਨੂੰ ਲੈਕੇ ਡਾਕਟਰ ਨੇ ਸੁਣਾਈ ਵੱਡੀ ਖ਼ਬਰ

Tags

ਕੋਵਿਡ-19 ਸਬੰਧੀ ਵੈਕਸੀਨ ਦੇ ਕੈਨੇਡਾ ਵਿੱਚ ਮਨੁੱਖਾਂ ਉਤੇ ਟ੍ਰਾਇਲ ਸ਼ੁਰੂ ਕਰ ਦਿੱਤੇ ਗਏ ਹਨ। ਪਰ ਕਿਊਬਿਕ ਸਥਿਤ ਉਤਪਾਦਕ ਵੱਲੋਂ ਪਹਿਲਾਂ ਹੀ ਸਾਰਿਆਂ ਨੂੰ ਇਹ ਚੇਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਤਿਆਰ ਕੀਤੀ ਜਾ ਰਹੀ ਕੋਵਿਡ-19 ਸਬੰਧੀ ਵੈਕਸੀਨ ਮਹਾਂਮਾਰੀ ਉੱਤੇ ਇਕਦਮ ਰੋਕ ਨਹੀਂ ਲਾ ਸਕੇਗੀ।ਬਾਇਓਫਾਰਮਾਸਿਊਟੀਕਲ ਕੰਪਨੀ ਮੈਡੀਕਾਗੋ ਦੇ ਪ੍ਰੈਜ਼ੀਡੈਂਟ ਤੇ ਸੀਈਓ ਡਾ.ਬਰੂਸ ਕਲਾਰਕ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਵੈਕਸੀਨ ਤੋਂ ਬਹੁਤੀਆਂ ਉਮੀਦਾਂ ਨਾ ਰੱਖੀਆਂ ਜਾਣ। ਉਨ੍ਹਾਂ ਆਖਿਆ ਕਿ ਅਜੇ ਇਸ ਵਿੱਚ ਕਈ ਹੋਰ ਤਬਦੀਲੀਆਂ ਕੀਤੀਆਂ ਜਾਣਗੀਆਂ ਅਤੇ ਸਹੀ ਵੈਕਸੀਨ ਤਿਆਰ ਹੋਣ ਵਿੱਚ ਅਜੇ ਕਈ ਸਾਲਾਂ ਦਾ ਸਮਾਂ ਲੱਗ ਸਕਦਾ ਹੈ।

ਉਨ੍ਹਾਂ ਆਖਿਆ ਕਿ ਵੈਕਸੀਨ ਤਿਆਰ ਕਰਨ ਦੇ ਪਹਿਲੇ ਗੇੜ ਵਿੱਚ ਕੋਈ ਜਾਦੂ ਨਹੀਂ ਹੋਣ ਵਾਲਾ, ਇਹ ਵੈਕਸੀਨ ਬਿਲਕੁਲ ਸਹੀ ਨਹੀਂ ਬਣ ਸਕਦੀ। ਕਲਾਰਕ ਦੀ ਕੰਪਨੀ ਵੱਲੋਂ ਸੋਮਵਾਰ ਤੋਂ ਕਿਊਬਿਕ ਸਿਟੀ ਵਿੱਚ ਇਸ ਪ੍ਰਸਤਾਵਿਤ ਵੈਕਸੀਨ ਦੇ ਟ੍ਰਾਇਲ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਇਹ ਕੋਈ ਰਾਮਬਾਣ ਨਹੀਂ ਹੈ। ਜੇ ਕਿਸੇ ਨੂੰ ਇਹ ਲੱਗ ਰਿਹਾ ਹੈ ਕਿ ਸਦੀਆਂ ਵਿੱਚ ਇਕ ਵਾਰੀ ਆਉਣ ਵਾਲੀ ਮਹਾਂਮਾਰੀ ਦਾ ਹੱਲ ਅਸੀਂ 18 ਮਹੀਨਿਆਂ ਵਿੱਚ ਲੱਭ ਲਵਾਂਗੇ ਤਾਂ ਉਹ ਗਲਤ ਹੈ। ਅਜੇ ਵੀ ਕੋਵਿਡ-19 ਬਾਰੇ ਕਾਫੀ ਕੁਝ ਸਾਨੂੰ ਪਤਾ ਨਹੀਂ ਹੈ।