ਪੰਜਾਬ ਸਰਕਾਰ ਨੇ 75 ਹਜ਼ਾਰ ਨੌਕਰੀਆਂ ਬਾਰੇ ਕਰ ਦਿੱਤਾ ਵੱਡਾ ਐਲਾਨ

Tags

ਪੰਜਾਬ ਸਰਕਾਰ ਨੇ ਆਪਣੀ ਪ੍ਰਮੁੱਖ ਸਕੀਮ ‘ਘਰ ਘਰ ਰੋਜ਼ਗਾਰ ਯੋਜਨਾ’ ਤਹਿਤ ਸੂਬੇ ਭਰ ਵਿੱਚ 24 ਸਤੰਬਰ, 2020 ਤੋਂ 30 ਸਤੰਬਰ, 2020 ਤੱਕ 6ਵਾਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲਾ ਲਾਉਣ ਦਾ ਫੈਸਲਾ ਕੀਤਾ ਹੈ। ਰੋਜ਼ਗਾਰ ਉੱਤਪਤੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਵਿਡ-19 ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਰੋਜ਼ਗਾਰ ਮੇਲਿਆਂ ਰਾਹੀਂ ਸਾਰੇ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ।

ਰੋਜ਼ਗਾਰ ਉੱਤਪਤੀ ਮੰਤਰੀ ਨੇ ਕਿਹਾ ਕਿ ਰੋਜ਼ਗਾਰ ਮੇਲੇ ਲਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਰਫ ਅਜਿਹੇ ਸਥਾਨਾਂ ਦੀ ਚੋਣ ਕੀਤੀ ਜਾਏਗੀ, ਜਿੱਥੇ ਕੋਵਿਡ-19 ਸਬੰਧੀ ਜਾਰੀ ਪ੍ਰੋਟੋਕੋਲਾਂ ਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਇਸ ਸਾਲ ਇਨ੍ਹਾਂ ਰੋਜ਼ਗਾਰ ਮੇਲਿਆਂ ਲਈ ਵਰਚੁਅਲ ਤੇ ਫਿਜ਼ੀਕਲ ਦੋਵੇਂ ਪਲੇਟਫਾਰਮ ਵਰਤੇ ਜਾਣਗੇ। ਚੰਨੀ ਨੇ ਦੱਸਿਆ ਕਿ ਵਿਭਾਗ ਨੂੰ ਇਸ ਸਾਲ ਕਰਵਾਏ ਜਾਣ ਵਾਲੇ ਰੋਜ਼ਗਾਰ ਮੇਲਿਆਂ ਲਈ 75,000 ਨੌਕਰੀਆਂ ਦੀ ਵਿਵਸਥਾ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਨੌਕਰੀ ਤਲਾਸ਼ ਰਹੇ ਨੌਜਵਾਨਾਂ ਤੇ ਨਿਯੋਜਕਾਂ ਪਾਸੋਂ ਇਕੱਤਰ ਕੀਤੇ ਨੌਕਰੀਆਂ ਦੇ ਸਾਰੇ ਵੇਰਵੇ www.pgrkam.com ਪੋਰਟਲ 'ਤੇ ਉਪਲਬਧ ਕਰਵਾਏ ਜਾਣਗੇ।