ਅਕਾਲੀ ਦਲ ਮਾਨ ਦੇ ਸੰਸਥਾਪਕ ਆਗੂਆਂ ’ਚ ਸ਼ਾਮਲ ਰਹੇ ਰਿਟਾਇਰਡ ਕੈਪਟਨ ਚੰਨਣ ਸਿੰਘ ਸਿੱਧੂ ਦੀ ਅਗਵਾਈ ਹੇਠ ਪੰਜਾਬ ਵਿਚ ਸ਼ੇਰ-ਏ-ਪੰਜਾਬ ਵਿਕਾਸ ਪਾਰਟੀ ਦਾ ਗਠਨ ਹੋ ਗਿਆ ਹੈ। ਇਸ ਦਾ ਸਰਪ੍ਰਸਤ ਸਿੱਖ ਬੁਧੀਜੀਵੀ ਪ੍ਰੋ. ਗੁਰਦਰਸ਼ਨ ਸਿੰਘ ਢਿਲੋਂ ਨੂੰ ਬਣਾਇਆ ਗਿਆ ਹੈ। ਪਾਰਟੀ ਦੇ ਗਠਨ ਬਾਅਦ ਇਸ ਦੇ ਪ੍ਰਧਾਨ ਕੈਪਟਨ ਚੰਨਣ ਸਿੰਘ ਤੇ ਹੋਰ ਆਗੂਆਂ ਦੀ ਮੌਜੂਦਗੀ ਵਿਚ ਪਾਰਟੀ ਦਾ ਏਜੰਡਾ ਵੀ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਨਵੀਂ ਪਾਰਟੀ ਸਹੀ ਅਰਥਾਂ ਵਿਚ ਲੋਕਾਂ ਨੂੰ ਆਉਂਦੀਆਂ ਚੋਣਾਂ ’ਚ ਠੋਸ ਬਦਲ ਦੇਵੇਗੀ।
ਪੰਜਾਬ ਨਾਲ ਹੋਈ ਹਰ ਬੇਇਨਸਾਫ਼ੀ ਦਾ ਹਿਸਾਬ ਲਿਆ ਜਾਵੇਗਾ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਧਰਮ ਨਿਰਪੱਖ ਰਾਜ ਦਾ ਇਤਿਹਾਸ ਦੁਹਰਾਇਆ ਜਾਵੇਗਾ। ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਰਾਹੀਂ ਸੂਬੇ ਨੂੰ ਮੁੜ ਖ਼ੁਸ਼ਹਾਲੀ ਦੇ ਰਾਹ ’ਤੇ ਲਿਜਾਇਆ ਜਾਵੇਗਾ। ਸਹੀ ਅਰਥਾਂ ’ਚ ਕਾਨੂੰਨ ਦਾ ਰਾਜ ਸਥਾਪਤ ਹੋਵੇਗਾ। ਪ੍ਰੈਸ ਕਾਨਫ਼ਰੰਸ ਵਿਚ ਮੌਜੂਦ ਆਗੂਆਂ ’ਚ ਪਾਰਟੀ ਦੇ ਸਕੱਤਰ ਜਨਰਲ ਕੁਲਦੀਪ ਸਿੰਘ ਵਿਰਕ, ਵਿਕਰਮ ਸਿੰਘ ਬਾਜਵਾ, ਜਨਮ ਬਰਾੜ, ਡਾ. ਐਸ.ਐਸ. ਨਾਰੰਗ, ਗੁਰਪ੍ਰੀਤ ਸਿੰਘ ਮਾਨ ਕੋਟਕਪੂਰਾ, ਸੁਖਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ, ਯਾਦਵਿੰਦਰ ਸਿੰਘ ਗੁਰੂ ਹਰ ਸਹਾਏ, ਵੀਰ ਸਿੰਘ ਪਟਿਆਲਾ, ਪ੍ਰੋ. ਹਰਪਾਲ ਸਿੰਘ ਚੰਡੀਗੜ੍ਹ, ਕਰਨਲ ਕੁਲਬੀਰ ਸਿੰਘ ਪੰਚਕੂਲਾ ਅਤੇ ਬਲਜਿੰਦਰ ਸਿੰਘ ਮਾਨਸਾ ਆਦਿ ਦੇ ਨਾਂ ਜ਼ਿਕਰਯੋਗ ਹਨ।