ਅੱਜ ਸ਼ੁੱਕਰਵਾਰ ਨੂੰ ਲਗਾਤਾਰ ਛੇਵੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਤੇਲ ਕੰਪਨੀਆਂ ਨੇ ਪੈਟਰੋਲ ਦੇ ਭਾਅ ਵਿਚ 57 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿਚ 59 ਪੈਸੇ ਪ੍ਰਤੀ ਲੀਟਰ ਵਧਾ ਕਰ ਦਿੱਤਾ ਹੈ। ਇਸ ਤਰ੍ਹਾ ਪਿਛਲੇ 6 ਦਿਨਾਂ ਅੰਦਰ ਪੈਟਰੋਲ 3.31 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 3.42 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਕੀਮਤਾਂ ਦੀ ਸਮੀਖਿਆ ਤੋਂ ਬਾਅਦ ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੇ ਭਾਅ ਤੈਅ ਕਰਦੀਆਂ ਹਨ।
ਇੰਡੀਅਨ ਆਇਲ, ਭਾਰਤ ਪੈਟ੍ਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਸੋਧ ਕਰ ਨਵੀਆਂ ਕੀਮਤਾਂ ਜਾਰੀ ਕਰਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਤੇਲ ਦੀਆਂ ਕੀਮਤਾਂ ‘ਚ ਤੇਜ਼ੀ ਆਉਣ ਜਾਰੀ ਰਹਿ ਸਕਦੀ ਹੈ ਕਿਉਂਕਿ ਤੇਲ ਕੰਪਨੀਆਂ ਲਾਕਡਾਊਨ ਦੌਰਾਨ ਹੋਏ ਆਪਣੇ ਨੁਕਸਾਨ ਦੀ ਭਰਪਾਈ ਕਰਨ ਦੇ ਯਤਨ ਕਰਨਗੀਆਂ। ਦਰਅਸਲ ਲਾਕਡਾਊਨ ਵਿਚਾਲੇ ਅਵਾਜਾਈ ਪੂਰੀ ਤਰ੍ਹਾ ਬੰਦ ਹੋਣ ਕਰਕੇ ਪੈਟਰੋਲ ਅਤੇ ਡੀਜ਼ਲ ਦੀ ਮੰਗ ਬਿਲਕੁੱਲ ਦੀ ਠੱਪ ਹੋ ਚੁੱਕੀ ਸੀ ਜਿਸ ਕਰਕੇ ਤੇਲ ਕੰਪਨੀਆਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਸੀ। ਤੇਲ ਕੰਪਨੀਆਂ ਨੇ ਬੀਤੇ ਵੀਰਵਾਰ ਵੀ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ 60 ਪੈਸੇ ਦਾ ਵਾਧਾ ਕੀਤਾ ਸੀ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧਣ ਦਾ ਕਾਰਨ ਦੁਨੀਆ ਭਰ ਦੇ ਦੇਸ਼ਾਂ ਵਿਚ ਲਾਕਡਾਊਨ ਖੁੱਲ੍ਹਣ ਮਗਰੋਂ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਅਤੇ ਡਾਲਰ ਦੇ ਮੁਕਾਬਲੇ ਰੁਪਏ ਵਿਚ ਗਿਰਾਵਟ ਆਉਣ ਨੂੰ ਦੱਸਿਆ ਜਾ ਰਿਹਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਤੇਲ ਕੰਪਨੀਆਂ ਆਪਣੇ ਆਪ ਨੂੰ ਨੁਕਸਾਨ ਤੋਂ ਬਚਾਉਣ ਲਈ ਗ੍ਰਾਂਹਕਾਂ ਉੱਤੇ ਵਧੀਆਂ ਕੀਮਤਾਂ ਦਾ ਬੋਝ ਪਾ ਰਹੀਆਂ ਹਨ।