ਪੰਜਾਬ ਕੈਬਨਿਟ ਦੇ ਫੈਸਲੇ ਨਾਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ (ਪੀਐਸਪੀਸੀਐਲ) ਦੀ ਇਹ ਜ਼ਮੀਨ 80:20 ਆਮਦਨ ਹਿੱਸੇਦਾਰੀ ਯੋਜਨਾ ਤਹਿਤ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਪੁੱਡਾ ਨੂੰ ਸੌਂਪ ਦਿੱਤੀ ਜਾਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕੈਬਨਿਟ ਵੱਲੋਂ ਪੁੱਡਾ ਨੂੰ ਇਸ ਥਾਂ ਨੂੰ ਵਿਕਸਤ ਕਰਨ ਅਤੇ ਵੇਚੇ ਜਾਣ ਲਈ ਸੂਬੇ ਦੀ ਗਾਰੰਟੀ ਨਾਲ 100 ਕਰੋੜ ਰੁਪਏ ਤੱਕ ਦਾ ਕਰਜ਼ਾ ਚੁੱਕਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਸੂਬਾ ਸਰਕਾਰ ਵੱਲੋਂ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਕੇ ਇਸ ਖੇਤਰ ਵਿੱਚ ਖੁਸ਼ਹਾਲੀ ਲਿਆਉਣ ਲਈ ਇਸ ਜ਼ਮੀਨ ਨੂੰ ਵਿਕਸਤ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ ਯੋਜਨਾ ਤਹਿਤ ਜ਼ਮੀਨ ਦੀ ਅਨੁਮਾਨਿਤ ਕੀਮਤ ਤੋਂ ਇਲਾਵਾ ਵਿਕਸਤ ਹੋਈ ਜ਼ਮੀਨ ਦੀ ਵਿਕਰੀ ਨਾਲ ਹੋਣ ਵਾਲੇ ਮੁਨਾਫੇ ਦਾ 80 ਫੀਸਦ ਹਿੱਸਾ ਇਸ ਦੇ ਮਾਲਕ ਪੀਐਸਪੀਸੀਐਲ ਨੂੰ ਜਾਵੇਗਾ ਜਦੋਂਕਿ 20 ਫੀਸਦ ਹਿੱਸਾ ਪੁੱਡਾ ਦੁਆਰਾ ਵਿਕਾਸ ਅਤੇ ਪ੍ਰਚਾਰਨ ਵਿੱਚ ਨਿਭਾਈ ਭੂਮਿਕਾ ਲਈ ਰੱਖਿਆ ਜਾਵੇਗਾ। ਪੁੱਡਾ ਵੱਲੋਂ ਥਰਮਲ ਪਾਵਰ ਪਲਾਂਟ ਅਧੀਨ ਜ਼ਮੀਨ ਦੀ ਵੱਖ-ਵੱਖ ਹਿੱਸਿਆਂ ਵਿੱਚ ਉੱਤਮ ਸੰਭਾਵਿਤ ਵਰਤੋ ਵਾਸਤੇ ਪੇਸ਼ੇਵਰ ਏਜੰਸੀ/ਏਜੰਸੀਆਂ ਦੀ ਸਲਾਹ ਖਾਤਰ ਸੇਵਾਵਾਂ ਹਾਸਲ ਕਰੇਗਾ।
ਇਸ ਦੇ ਨਾਲ ਹੀ ਬਠਿੰਡਾ ਪਲਾਂਟ ਦੀ ਜ਼ਮੀਨ ਨੂੰ ਮੁੜ ਵਿਕਸਤ ਕੀਤੇ ਜਾਣ ਲਈ ਖਾਕਾ ਤਿਆਰ ਕਰਨ ਲਈ 18 ਮਈ, 2020 ਨੂੰ ਇੱਕ ਹੋਰ ਕੈਬਨਿਟ ਸਬ-ਕਮੇਟੀ ਬਣਾਈ ਗਈ ਸੀ ਜਿਸ ਵਿੱਚ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ, ਉਦਯੋਗ ਤੇ ਵਣਜ ਮੰਤਰੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਤੌਰ ਮੈਂਬਰ ਸ਼ਾਮਲ ਸੀ।