ਅੱਜ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਸੰਕਟ ਦੇ ਮੱਦੇਨਜ਼ਰ ਦਿੱਲੀ ਦੇ ਹਸਪਤਾਲਾਂ ਵਿਚ ਕੇਵਲ ਦਿੱਲੀ ਵਾਸੀਆਂ ਦਾ ਹੀ ਇਲਾਜ ਹੋਵੇਗਾ। ਇਹ ਫੈਸਲਾ ਦਿੱਲੀ ਕੈਬਨਿਟ ਦੀ ਮੀਟਿੰਗ ਵਿਚ ਲਿਆ ਗਿਆ ਹੈ। ਇਸ ਤੋਂ ਇਲਾਵਾ ਸੀਐਮ ਕੇਜਰੀਵਾਲ ਨੇ ਕਿਹਾ ਕਿ ਭਲਕੇ 8 ਜੂਨ ਤੋਂ ਦਿੱਲੀ ਵਿਚ ਰੈਸਟੋਰੈਂਟ, ਮਾਲ ਅਤੇ ਧਾਰਮਿਕ ਅਸਥਾਨਾਂ ਨੂੰ ਖੋਲ੍ਹਿਆ ਜਾਵੇਗਾ ਪਰ ਹੋਟਲਾਂ ਨੂੰ ਖੋਲ੍ਹਣ ਦੀ ਅਜੇ ਇਜ਼ਾਜਤ ਨਹੀਂ ਦਿੱਤੀ ਗਈ ਹੈ। ਕੇਜਰੀਵਾਲ ਨੇ ਅੱਗੇ ਕਿਹਾ ਕਿ ਸੋਮਵਾਰ ਤੋਂ ਦਿੱਲੀ ਵਿਚ ਰੈਸਟੋਰੈਂਟ, ਮਾਲ, ਅਤੇ ਧਾਰਮਿਕ ਸਥਾਨ ਖੋਲ੍ਹੇ ਜਾਣਗੇ ਅਤੇ ਇਸ ਦੌਰਾਨ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ।
ਪਰ ਹੋਟਲ ਅਤੇ ਬੈਂਕਵੇਟ ਹਾਲ ਅਜੇ ਨਹੀਂ ਖੋਲ੍ਹਣਗੇ, ਕਿਉਂਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਹੋਟਲਾਂ ਨੂੰ ਹਸਪਤਾਲਾਂ ਦੇ ਨਾਲ ਅਟੈਚ ਕਰਨਾ ਪਵੇ। ਦਰਅਸਲ ਦਿੱਲੀ ਸਰਕਾਰ ਦੁਆਰਾ ਕੋਰੋਨਾ ਕਾਰਨ ਪੈਦਾ ਹੋਏ ਹਾਲਾਤਾਂ ਅਤੇ ਰਾਜਧਾਨੀ ਵਿਚ ਸਿਹਤ ਪ੍ਰਣਾਲੀ ਦੀ ਸਮੀਖਿਆ ਲਈ ਬਣਾਈ ਇਕ ਕਮੇਟੀ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਜੇਕਰ ਦਿੱਲੀ ਦਾ ਸਿਹਤ ਢਾਂਚਾ ਬਾਹਰੀ ਲੋਕਾਂ ਲਈ ਖੋਲ੍ਹਿਆ ਗਿਆ ਤਾਂ ਕੇਵਲ ਤਿੰਨ ਦਿਨਾਂ ਅੰਦਰ ਸਾਰੇ ਬੈੱਡ ਭਰ ਸਕਦੇ ਹਨ, ਇਸ ਲਈ ਰਾਜਧਾਨੀ ਦੇ ਸਿਹਤ ਢਾਂਚੇ ਦੀ ਵਰਤੋਂ ਕੇਵਲ ਦਿੱਲੀ ਵਾਸੀਆਂ ਦੇ ਇਲਾਜ ਲਈ ਹੋਣੀ ਚਾਹੀਦੀ ਹੈ। ਪਰ ਇਸ ਵਿਚ ਵੀ ਕੁੱਝ ਵਿਸ਼ੇਸ਼ ਛੁੱਟ ਦਿੱਤੀ ਗਈ ਹੈ।
ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਵਿਚ ਕੁੱਝ ਪ੍ਰਾਈਵੇਟ ਹਸਪਤਾਲ ਅਜਿਹੇ ਹਨ ਜੋ ਸਪੈਸ਼ਲ ਕਿਸਮ ਦੀ ਓਨਕੋਲੋਜੀ, ਟਰਾਂਸਪਲਾਂਟ ਅਤੇ ਨਿਊਰੋ ਸਰਜਰੀ ਆਦਿ ਕਰਦੇ ਹਨ ਜੋ ਕਿ ਦੇਸ਼ ਦੇ ਬਾਕੀ ਹਸਪਤਾਲਾਂ ਵਿਚ ਨਹੀਂ ਹੁੰਦੀ, ਇਸ ਲਈ ਲੋਕਾਂ ਨੂੰ ਅਜਿਹੀ ਸਰਜਰੀ ਲਈ ਦਿੱਲੀ ਆਉਣ ਪੈਂਦਾ ਹੈ ਜਿਸ ਕਰਕੇ ਹਸਪਤਾਲ ਅਜਿਹੀਆਂ ਸਰਜਰੀਆਂ ਦੇਸ਼ ਭਰ ਤੋਂ ਆਉਣ ਵਾਲੇ ਲੋਕਾਂ ਦੀਆਂ ਕਰ ਸਕਦੇ ਹਨ। ਕਮੇਟੀ ਦੇ ਇਸੇ ਸੁਝਾਅ ਨੂੰ ਅੱਜ ਦਿੱਲੀ ਕੈਬਨਿਟ ਦੀ ਮੀਟਿੰਗ ਵਿਚ ਮੰਨ ਲਿਆ ਗਿਆ ਹੈ ਜਿਸ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਦੇ ਹਸਪਤਾਲਾਂ ਵਿਚ ਕੇਵਲ ਦਿੱਲੀ ਵਾਸੀਆਂ ਦਾ ਹੀ ਇਲਾਜ ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਦਿੱਲੀ ਸਥਿਤ ਕੇਂਦਰ ਸਰਕਾਰ ਦੇ ਹਸਪਤਾਲਾਂ ਵਿਚ ਇਹ ਆਦੇਸ਼ ਲਾਗੂ ਨਹੀਂ ਹੁੰਦਾ, ਕੇਵਲ ਇੱਥੋਂ ਦੇ ਪ੍ਰਾਈਵੇਟ ਅਤੇ ਦਿੱਲੀ ਸਰਕਾਰ ਦੇ ਹਸਪਤਾਲਾਂ ਵਿਚ ਇਹ ਹੁਕਮ ਲਾਗੂ ਹੋਵੇਗਾ।