ਕੋਰੋਨਾ ਅਜੇ ਖਤਮ ਨਹੀਂ ਹੋਇਆ, ਆਹ ਇੱਕ ਹੋਰ ਵਾਇਰਸ ਨੇ ਮਾਰਤੇ 6 ਲੋਕ

Tags

ਪੂਰੀ ਦੁਨੀਆ ‘ਚ ਪੈਰ ਪਸਾਰ ਚੁੱਕੀ ਕੋਰੋਨਾ ਮਹਮਾਰੀ ਤੋਂ ਬਾਅਦ ਹੁਣ ਅਫਰੀਕੀ ਦੇਸ਼ ਕੌਂਗੋ ‘ਚ ਇਬੋਲਾ ਵਾਇਰਸ ਨੇ ਇੱਕ ਵਾਰ ਫਿਰ ਦਸਤਕ ਦੇ ਦਿੱਤੀ ਹੈ। ਕਾਂਗੋ ਦੇ ਇਕਵੇਟਰ ਪ੍ਰਾਂਤ ਦੇ ਵਾਗਾਟਾ ਖੇਤਰ ‘ਚ ਇਬੋਲਾ ਦੇ 6 ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਕੌਂਗੋ ਸਰਕਾਰ ਵੱਲੋਂ ਕੀਤੀ ਗਈ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰੋਸ ਨੇ ਕਿਹਾ ਕਿ ਕੌਂਗੋ ਦੇ ਸਿਹਤ ਮੰਤਰਾਲੇ ਨੇ ਇਬੋਲਾ ਵਾਇਰਸ ਦੇ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ ਹੈ। ਹਾਲਾਂਕਿ ਜਿਸ ਸ਼ਹਿਰ ਵਿਚ ਇਬੋਲਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਉਥੇ ਹੁਣ ਤੱਕ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਉਨ੍ਹਾਂ ਕਿਹਾ ਕਿ ਪੂਰੇ ਕੌਂਗੋ ਵਿਚ ਕੋਰੋਨਾ ਦੇ ਲਗਭਗ 3,000 ਮਾਮਲੇ ਸਾਹਮਣੇ ਆਏ ਹਨ। ਟੇਡਰੋਸ ਨੇ ਕਿਹਾ ਕਿ ਕੋਰੋਨਾ ਅਤੇ ਇਬੋਲਾ ਦਾ ਆਪਸ ‘ਚ ਕੋਈ ਸੰਬੰਧ ਨਹੀਂ ਹੈ। ਕੌਂਗੋ ਦੇ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਦੱਸਿਆ ਕਿ ਵਾਗਾਟਾ ਵਿੱਚ ਇਬੋਲਾ ਦੇ 6 ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਸਾਲ 2018 ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਕੌਂਗੋ ‘ਚ ਇਬੋਲਾ ਵਾਇਰਸ ਨੇ ਨਵੇਂ ਮਾਮਲੇ ਸਾਹਮਣੇ ਆਏ ਹਨ। ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਬੋਲਾ ਦੇ ਛੇ ਵਿੱਚੋਂ ਤਿੰਨ ਮਾਮਲਿਆਂ ਵਿੱਚ ਜਾਂਚ ਤੋਂ ਬਾਅਦ ਈਬੋਲਾ ਦੇ ਸੰਕਰਮਣ ਦੀ ਪੁਸ਼ਟੀ ਹੋਈ ਹੈ। ਇਬੋਲਾ ਵਾਇਰਸ ਪਹਿਲੀ ਵਾਰ 1976 ਵਿੱਚ ਫੈਲਿਆ ਸੀ।

ਇਸ ਵਾਰ ਇਬੋਲਾ ਨੇ ਕੌਂਗੋ ‘ਚ 11ਵੀਂ ਵਾਰ ਦਸਤਕ ਦਿੱਤੀ ਹੈ। ਦੱਸ ਦਈਏ ਕਿ ਡਬਲਯੂਐਚਓ ਨੇ ਪਿਛਲੇ 2 ਸਾਲਾਂ ਵਿੱਚ ਅਫਰੀਕਾ ਸੀਡੀਸੀ ਅਤੇ ਸਿਹਤ ਵਿਭਾਗ ਨਾਲ ਮਿਲ ਕੇ ਇਨ੍ਹਾਂ ਬਿਮਾਰੀਆਂ ਨੂੰ ਜਲਦੀ ਕਾਬੂ ਕਰਨ ਲਈ ਕੰਮ ਕੀਤਾ ਹੈ। ਇਬੋਲਾ ਅਫਰੀਕਾ ਦੇ ਗਰਮ ਇਲਾਕਿਆਂ ਦੀ ਖੇਤਰੀ ਬਿਮਾਰੀ ਹੈ। ਇਹ ਬਿਮਾਰੀ ਇਬੋਲਾ ਦੇ ਸੰਕਰਮਿਤ ਮਰੀਜ਼ ਦੇ ਸਰੀਰ ‘ਚੋਂ ਨਿਕਲਣ ਵਾਲੇ ਤਰਲ ਪਦਾਰਥਾਂ ਦੇ ਸੰਪਰਕ ‘ਚ ਆਉਣ ਨਾਲ ਫੈਲਦੀ ਹੈ। ਇਸ ਦੇ ਲੱਛਣਾਂ ਵਿੱਚ ਬੁਖਾਰ, ਕਮਜ਼ੋਰੀ, ਮਾਸਪੇਸ਼ੀਆਂ ‘ਚ ਦਰਦ ਅਤੇ ਗਲ਼ੇ ‘ਚ ਖਰਾਸ ਆਦਿ ਹਨ। ਮਨੁੱਖਾਂ ‘ਚ ਇਸ ਬਿਮਾਰੀ ਦਾ ਸੰਕਰਮਣ ਚਿੰਪੈਂਜੀ, ਚਮਗਾਦੜ ਅਤੇ ਹਿਰਨ ਦੇ ਸਿੱਧੇ ਸੰਪਰਕ ‘ਚ ਆਉਣ ਨਾਲ ਫੈਲਦਾ ਹੈ।