ਇਹ ਅਧਿਆਪਿਕਾ ਲਾਕਡਾਊਨ ਵਿੱਚ ਵੀ ਲੈ ਰਹੀ ਹੈ 1 ਕਰੋੜ ਰੁਪਏ ਤਨਖਾਹ, ਦੇਖੋ ਕਿਵੇਂ

Tags

ਸਰਕਾਰੀ ਨੌਕਰੀ ਪ੍ਰਾਪਤ ਕਰਨਾ ਅੱਜ ਲਗਭਗ ਹਰੇਕ ਨੌਜਵਾਨ ਦਾ ਸੁਫਨਾ ਹੈ। ਸਰਕਾਰੀ ਨੌਕਰੀ ਕਰਨ ਲਈ ਦਿਨ-ਰਾਤ ਮਿਹਨਤ ਕਰਕੇ ਵੀ ਜ਼ਿਆਦਾਤਰ ਨੂੰ ਨਿਰਾਸ਼ਾ ਹੀ ਹੱਥ ਲੱਗਦੀ ਹੈ। ਸਿੱਖਿਆ ਵਿਭਾਗ 'ਚ ਤਾਂ ਹਾਲ ਹੋਰ ਵੀ ਮਾੜਾ ਹੈ। ਲੱਖਾਂ ਨੌਜਵਾਨ ਬੀਐਡ ਦੀਆਂ ਡਿਗਰੀਆਂ ਲੈ ਕੇ ਬੇਰੁਜ਼ਗਾਰ ਘੁੰਮ ਰਹੇ ਹਨ, ਪਰ ਇੱਕ ਅਜਿਹੀ ਵੀ ਅਧਿਆਪਿਕਾ ਹੈ, ਜੋ ਇੱਕ ਜਾਂ ਦੋ ਨਹੀਂ, ਸਗੋਂ 25 ਸਰਕਾਰੀ ਸਕੂਲਾਂ 'ਚ ਇੱਕੋ ਸਮੇਂ ਨੌਕਰੀ ਕਰ ਰਹੀ ਹੈ ਅਤੇ ਸਿੱਖਿਆ ਵਿਭਾਗ ਤੋਂ ਲਗਭਗ 1 ਕਰੋੜ ਰੁਪਏ ਸਾਲਾਨਾ ਪ੍ਰਾਪਤ ਕਰ ਰਹੀ ਸੀ।

ਮਾਮਲਾ ਉੱਤਰ ਪ੍ਰਦੇਸ਼ ਸੂਬੇ ਦਾ ਹੈ। ਸੂਬੇ ਦੇ 25 ਕਸਤੂਰਬਾ ਗਾਂਧੀ ਗਰਲਜ਼ ਸਕੂਲਾਂ (ਕੇਜੀਬੀਵੀ) 'ਚ ਅਧਿਆਪਿਕਾ ਵਜੋਂ ਕੰਮ ਕਰ ਰਹੀ ਅਨਾਮਿਕਾ ਸ਼ੁਕਲਾ ਵਿਰੁੱਧ ਬਾਗਪਤ 'ਚ ਐਫਆਈਆਰ ਦਰਜ ਕਰਵਾਈ ਗਈ ਹੈ। ਅਨਾਮਿਕਾ ਦੀ ਥਾਂ 'ਤੇ ਵੱਖ-ਵੱਖ ਕੇਜੀਬੀਵੀ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਵਿਰੁੱਧ ਵੀ ਐਫਆਈਆਰ ਦਰਜ ਕਰਵਾਈ ਜਾਵੇਗੀ। ਇਹ ਮਾਮਲਾ ਉਸ ਸਮੇਂ ਧਿਆਨ ਵਿੱਚ ਆਇਆ, ਜਦੋਂ ਵਿਭਾਗ ਨੇ ਅਧਿਆਪਕਾਂ ਦਾ ਡਾਟਾਬੇਸ ਬਣਾਉਣਾ ਸ਼ੁਰੂ ਕੀਤਾ ਅਤੇ ਹੁਣ ਵਿਭਾਗ ਨੇ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਸਿੱਖਿਆ ਵਿਭਾਗ ਦੇ ਅਨੁਸਾਰ ਹੁਣ ਅਧਿਆਪਿਕਾ ਦਾ ਡਿਜ਼ੀਟਲ ਡੇਟਾਬੇਸ ਬਣਾਇਆ ਜਾ ਰਿਹਾ ਹੈ।

ਇਸ ਪ੍ਰਕਿਰਿਆ ਦੌਰਾਨ ਕੇਜੀਬੀਵੀ ਵਿੱਚ ਕੰਮ ਕਰ ਰਹੇ ਪੂਰਨ-ਸਮੇਂ ਅਧਿਆਪਿਕਾ ਅਮੇਠੀ, ਅੰਬੇਦਕਰ ਨਗਰ, ਰਾਏ ਬਰੇਲੀ, ਪ੍ਰਯਾਗਰਾਜ, ਅਲੀਗੜ੍ਹ ਅਤੇ ਹੋਰ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ 25 ਸਕੂਲਾਂ ਵਿੱਚ ਕੰਮ ਕਰਦੀ ਪਾਈ ਗਈ ਹੈ। ਇੱਕ ਡਿਜ਼ੀਟਲ ਡਾਟਾਬੇਸ ਦੇ ਬਾਵਜੂਦ ਅਧਿਆਪਿਕਾ ਇਸ ਸਾਲ ਫ਼ਰਵਰੀ ਤਕ ਟੈਕਸ ਵਿਭਾਗ ਤੋਂ ਤਨਖਾਹ ਧੋਖਾਧੜੀ ਕਰਕੇ ਹਾਸਿਲ ਕਰਨ ਵਿੱਚ ਸਫ਼ਲ ਰਹੀ। ਸੂਬੇ 'ਚ ਗਰੀਬ ਲੜਕੀਆਂ ਲਈ ਲਗਭਗ ਹਰੇਕ ਬਲਾਕ 'ਚ ਕੇਜੀਬੀਵੀ ਸਕੂਲ ਬਣੇ ਹਨ। ਇਨ੍ਹਾਂ ਸਕੂਲਾਂ ਵਿੱਚ ਅਧਿਆਪਕਾਂ ਨੂੰ 30 ਹਜ਼ਾਰ ਰੁਪਏ ਮਾਣ ਭੱਤੇ 'ਤੇ ਠੇਕੇ ਦੇ ਅਧਾਰ 'ਤੇ ਨਿਯੁਕਤ ਕੀਤਾ ਜਾਂਦਾ ਹੈ। ਇਸ ਸਮੇਂ ਅਧਿਆਪਿਕਾ ਦੀ ਤਨਖਾਹ ਤੁਰੰਤ ਬੰਦ ਕਰ ਦਿੱਤੀ ਗਈ ਹੈ ਅਤੇ ਵਿਭਾਗ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੀ ਉਹੀ ਬੈਂਕ ਖਾਤਾ ਵੱਖ-ਵੱਖ ਸਕੂਲਾਂ ਦੀ ਤਨਖਾਹ ਲਈ ਵਰਤਿਆ ਜਾਂਦਾ ਸੀ।

ਯੂਪੀ ਦੇ ਸਿੱਖਿਆ ਮੰਤਰੀ ਡਾ. ਸਤੀਸ਼ ਦਿਵੇਦੀ ਨੇ ਕਿਹਾ, "ਵਿਭਾਗ ਨੇ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਜੇਕਰ ਦੋਸ਼ ਸਹੀ ਹਨ ਤਾਂ ਅਧਿਆਪਿਕਾ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।" ਅਧਿਆਪਿਕਾ ਨੇ 13 ਮਹੀਨਿਆਂ ਦੀ ਲਗਭਗ 1 ਕਰੋੜ ਰੁਪਏ ਤਨਖਾਹ ਬਣਾਈ ਹੈ। ਵਿਭਾਗ ਅਨੁਸਾਰ ਅਨਾਮਿਕਾ ਸ਼ੁਕਲਾ ਨਾਮ ਦੀ ਅਧਿਆਪਿਕਾ 25 ਸਕੂਲਾਂ ਕੰਮ ਕਰ ਰਹੀ ਸੀ। ਵਿਭਾਗ ਕੋਲ ਉਪਲੱਬਧ ਰਿਕਾਰਡਾਂ ਅਨੁਸਾਰ ਪਤਾ ਲੱਗਾ ਹੈ ਕਿ ਉਹ ਮੈਨਪੁਰੀ ਜ਼ਿਲ੍ਹੇ ਦੀ ਵਸਨੀਕ ਹੈ। ਵਿਭਾਗ ਨੇ ਅਨਾਮਿਕਾ ਨੂੰ ਵੀ ਨੋਟਿਸ ਭੇਜਿਆ ਹੈ ਪਰ ਅਧਿਆਪਿਕਾ ਵੱਲੋਂ ਕੋਈ ਜਵਾਬ ਨਹੀਂ ਆਇਆ।