ਵਿਸ਼ਵ ਸਿਹਤ ਸੰਗਠਨ (ਡਬਲਿਯੂਐਚਓ) ਨੇ ਇੱਕ ਵਾਰ ਫਿਰ ਕੋਰੋਨਾ ਵਾਇਰਸ ਨਾਲ ਸਬੰਧਤ ਚਿਤਾਵਨੀ ਜਾਰੀ ਕੀਤੀ ਹੈ। ਡਬਲਿਯੂਐਚਓ ਨੇ ਕਿਹਾ ਹੈ ਕਿ ਚੀਨ, ਯੂਰਪ ਤੇ ਹੁਣ ਅਮਰੀਕਾ ਵਿੱਚ ਲਾਗ ਦੇ ਮਾਮਲਿਆਂ ਵਿੱਚ ਕਮੀ ਆਈ ਹੈ, ਪਰ ਦੁਨੀਆ ਭਰ ਦੇ ਵਿਗਿਆਨੀ ਲਗਾਤਾਰ ‘ਦੂਜੀ ਲਹਿਰ’ ਆਉਣ ਦਾ ਖ਼ਤਰਾ ਦੱਸ ਰਹੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਲਾਗ ਦੇ ਮਾਮਲਿਆਂ 'ਚ ਅਜਿਹਾ ਪੱਧਰ ਆਉਂਦਾ ਹੈ, ਜਦੋਂ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਅਤੇ ਮੌਤਾਂ ਦਰਜ ਕੀਤੀਆਂ ਜਾਂਦੀਆਂ ਹਨ। ਇਸ ਨੂੰ ਸਿਖਰ ਕਿਹਾ ਜਾਂਦਾ ਹੈ।
ਹੁਣ WHO ਨੇ ਚਿਤਾਵਨੀ ਦਿੱਤੀ ਹੈ ਕਿ 'ਪਹਿਲੀ ਲਹਿਰ' ਦੇ ਅੰਦਰ ‘ਦੂਜੀ ਲਹਿਰ’ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਰਿਆਨ ਨੇ ਕਿਹਾ ਕਿ ਉਹ ਸਮਾਂ ਕਦੇ ਵੀ ਆ ਸਕਦਾ ਹੈ ਜਦੋਂ ਦੁਨੀਆਂ ਭਰ ਵਿੱਚ ਕੇਸ ਵੱਧਣੇ ਸ਼ੁਰੂ ਹੋ ਜਾਣਗੇ। ਇਸ 'ਚ ਕੁਝ ਅਜਿਹੇ ਦੇਸ਼ ਸ਼ਾਮਲ ਹੋ ਸਕਦੇ ਹਨ, ਜਿੱਥੇ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਦੀ ਲਾਗ ਨੂੰ ਕੰਟਰੋਲ ਕਰ ਲਿਆ ਗਿਆ ਹੈ।ਡਬਲਿਯੂਐਚਓ ਦੇ ਅਨੁਸਾਰ ਭਾਵੇਂ ਦੁਨੀਆ ਨੂੰ 'ਦੂਜੀ ਲਹਿਰ' ਦਾ ਸਾਹਮਣਾ ਨਹੀਂ ਕਰਨਾ ਪਵੇ, ਪਰ ਕੁਝ ਦੇਸ਼ ਅਜਿਹੇ ਹਨ ਜਿੱਥੇ ਦੁਬਾਰਾ ਲਾਗ ਦੇ ਮਾਮਲੇ ਵਧਣਗੇ। ਡਬਲਿਯੂਐਚਓ ਦੇ ਸਿਹਤ ਐਮਰਜੈਂਸੀ ਪ੍ਰੋਗਰਾਮ ਦੇ ਡਾਇਰੈਕਟਰ ਡਾ. ਮਾਈਕ ਰਿਆਨ ਨੇ ਕਿਹਾ ਕਿ ਵਿਸ਼ਵ ਇਸ ਸਮੇਂ ਕੋਰੋਨਾ ਦੀ ਲਾਗ ਦੀ ਪਹਿਲੀ ਲਹਿਰ ਦੇ ਮੱਧ ਵਿੱਚ ਹੈ ਅਤੇ ਹੁਣ ਵਿਸ਼ਵ ਦੇ ਜ਼ਿਆਦਾਤਰ ਖੇਤਰਾਂ ਵਿੱਚ ਇਹ ਕੇਸ ਘਟਣੇ ਸ਼ੁਰੂ ਹੋ ਜਾਣਗੇ।
ਰਿਆਨ ਨੇ ਕਿਹਾ ਕਿ ਬਰਸਾਤੀ ਤੇ ਸਰਦੀਆਂ ਦਾ ਮੌਸਮ ਆਮ ਤੌਰ 'ਤੇ ਲਾਗ ਲਈ ਅਨੁਕੂਲ ਹੁੰਦਾ ਹੈ। ਅਜਿਹੇ 'ਚ ਇਸ ਦੌਰਾਨ ਕੋਰੋਨਾ ਲਾਗ ਨਾਲ ਨਜਿੱਠਣ ਲਈ ਫਿਰ ਤੋਂ ਤਿਆਰੀ ਕਰਨੀ ਹੋਵੇਗੀ। ਡਬਲਿਯੂਐਚਓ ਦੀ ਇਨਫ਼ੈਕਸ਼ੀਆ ਡਿਸੀਜ਼ ਐਪੀਡੇਮੋਲਾਜਿਸਟ ਮਾਰੀਆ ਵੈਨ ਕੇਖਰੋਵ ਨੇ ਕਿਹਾ ਕਿ ਫਿਲਹਾਲ ਸਾਰੇ ਦੇਸ਼ਾਂ ਨੂੰ ਹਾਈ ਅਲਰਟ ਰਹਿਣ ਦੀ ਲੋੜ ਹੈ। ਸਾਰਿਆਂ ਨੂੰ ਤੇਜ਼ ਟੈਸਟ ਪ੍ਰਣਾਲੀ ਤਿਆਰ ਕਰਨੀ ਚਾਹੀਦੀ ਹੈ। ਇਹ ਚਿਤਾਵਨੀ ਉਨ੍ਹਾਂ ਦੇਸ਼ਾਂ ਲਈ ਵੀ ਹੈ ਜੋ ਮੰਨ ਰਹੇ ਹਨ ਕਿ ਉਨ੍ਹਾਂ ਨੇ ਲਾਗ 'ਤੇ ਕਾਬੂ ਪਾ ਲਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਕੁਝ ਹੋਰ ਦਿਨਾਂ ਤਕ ਲਾਗ ਦੇ ਮਾਮਲਿਆਂ 'ਚ ਵਾਧਾ ਹੋਵੇਗਾ ਅਤੇ ਏਸ਼ੀਆ-ਅਫ਼ਰੀਕਾ ਵਿੱਚ ਜ਼ਿਆਦਾ ਮਾਮਲਾ ਸਾਹਮਣੇ ਆਉਣਗੇ।