ਜੇ ਤੁਸੀਂ ਮਾਸਕ ਨਹੀਂ ਪਹਿਨ ਰਹੇ ਤਾਂ ਪੰਜਾਬ ਵਿਚ 500 ਰੁਪਏ ਜੁਰਮਾਨਾ ਅਦਾ ਕਰਨ ਲਈ ਤਿਆਰ ਹੋ ਜਾਵੋ। ਇਸ ਸਬੰਧੀ ਰਾਜ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜੇ ਦੁਕਾਨਾਂ / ਵਪਾਰਕ ਸਥਾਨਾਂ ਦੇ ਮਾਲਕ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ਨੂੰ 2 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨਾ ਪਵੇਗਾ। ਵਾਹਨ ਮਾਲਕਾਂ ਨੂੰ ਵੀ ਸਵਾਰੀਆਂ ਵਿਚਾਲੇ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਜੁਰਮਾਨਾ ਵੀ ਲਗਾਇਆ ਜਾਵੇਗਾ। ਨੋਟੀਫਿਕੇਸ਼ਨ ਅਨੁਸਾਰ ਬੱਸਾਂ ਵਿੱਚ ਉਲੰਘਣਾ ’ਤੇ 3000 ਰੁਪਏ, ਕਾਰਾਂ ਵਾਲਿਆ ਨੂੰ 2000 ਰੁਪਏ ਅਤੇ ਆਟੋ-ਰਿਕਸ਼ਾ / ਦੋਪਹੀਆ ਵਾਹਨ ਚਾਲਕਾਂ ਨੂੰ 500 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।
ਨੋਟੀਫਿਕੇਸ਼ਨ ਮੁਤਾਬਕ ਕਰੋਨਾਵਾਇਰਸ ਬਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ 500 ਤੋਂ 3,000 ਰੁਪਏ ਤੱਕ ਜੁਰਮਾਨਾ ਕੀਤਾ ਜਾਵੇਗਾ। ਡਾਇਰੈਕਟਰ ਸਿਹਤ ਸੇਵਾਵਾਂ ਦੁਆਰਾ ਜਾਰੀ ਨੋਟੀਫਿਕੇਸ਼ਨ ਅਨੁਸਾਰ ਜਿਹੜੇ ਲੋਕ ਜਨਤਕ ਥਾਵਾਂ ‘ਤੇ ਮਾਸਕ ਨਹੀਂ ਪਾਉਗੇ, ਉਨ੍ਹਾਂ ਨੂੰ 500 ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਘਰੇਲੂ ਏਕਾਂਤਵਾਸ ਨਿਰਦੇਸ਼ਾਂ ਦੀ ਉਲੰਘਣਾ ਕਰਨ’ ਤੇ 2,000 ਰੁਪਏ ਤੇ ਜਿਹੜੇ ਲੋਕ ਜਨਤਕ ਜਗ੍ਹਾ ‘ਤੇ ਥੁੱਕਣਗੇ, ਉਨ੍ਹਾਂ ਨੂੰ 500 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਬੀਡੀਪੀਓ, ਨਾਇਬ ਤਹਿਸੀਲਦਾਰ, ਏਐਸਆਈ ਜਾਂ ਡਿਪਟੀ ਕਮਿਸ਼ਨਰ ਦੁਆਰਾ ਅਧਿਕਾਰਤ ਕੋਈ ਹੋਰ ਅਧਿਕਾਰੀ ਜੁਰਮਾਨਾ ਲਗਾ ਸਕਦੇ ਹਨ।