ਮੌਸਮ ਵਿਭਾਗ ਨੇ ਉੱਤਰ ਭਾਰਤ ਦੇ 5 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇੱਥੋਂ ਦੇ ਕਈ ਹਿੱਸਿਆਂ ਵਿੱਚ ਤਾਪਮਾਨ 45 ਡਿਗਰੀ ਸੈਲਸਿਅਸ ਤੋਂ ਉੱਪਰ ਜਾ ਸਕਦਾ ਹੈ। ਕੁੱਝ ਥਾਵਾਂ ‘ਤੇ ਤਾਂ ਤਾਪਪਾਨ 47 ਡਿਗਰੀ ਨੂੰ ਵੀ ਪਾਰ ਕਰ ਸਕਦਾ ਹੈ। IMD ਨੇ ਐਤਵਾਰ ਨੂੰ ਦਿੱਲੀ , ਪੰਜਾਬ , ਹਰਿਆਣਾ , ਚੰਡੀਗੜ੍ਹ ਅਤੇ ਰਾਜਸਥਾਨ ਲਈ ਅਗਲੇ ਦੋ ਤੋਂ ਤਿੰਨ ਦਿਨਾਂ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਰੈਡ ਅਲਰਟ ਲੋਕਾਂ ਨੂੰ ਆਗਾਹ ਕਰਣ ਲਈ ਜਾਰੀ ਕੀਤਾ ਗਿਆ ਹੈ ਕਿ ਉਹ ਦੁਪਹਿਰ ਇੱਕ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਘਰ ਤੋਂ ਬਾਹਰ ਨਹੀਂ ਨਿਕਲਣ ਕਿਉਂਕਿ ਉਸ ਵੇਲੇ ਧੁੱਪ ਦੀ ਤਪਸ਼ ਸਭ ਤੋਂ ਜ਼ਿਆਦਾ ਹੁੰਦੀ ਹੈ।
ਗਰਮੀ ਤੋਂ ਰਾਹਤ ਸਿਰਫ 28 ਮਈ ਤੋਂ ਬਾਅਦ ਹੀ ਮੀਂਹ ਪੈਣ ਨਾਲ ਮਿਲ ਸਕਦੀ ਹੈ। ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਵਿਭਾਗ ਨੇ ਪੂਰਬੀ ਉੱਤਰ ਪ੍ਰਦੇਸ਼ ਲਈ ਲੂ ਨੂੰ ਲੈ ਕੇ ਆਰੇਂਜ ਚਿਤਾਵਨੀ ਵੀ ਜਾਰੀ ਕੀਤੀ ਹੈ। ਉਨ੍ਹਾਂ ਨੇ ਇਸ ਗੱਲ ਦੀ ਵੀ ਚਿਤਾਵਨੀ ਦਿੱਤੀ ਹੈ ਕਿ ਅਗਲੇ ਦੋ – ਤਿੰਨ ਦਿਨਾਂ ਵਿੱਚ ਕੁੱਝ ਹਿੱਸਿਆਂ ਵਿੱਚ ਤਾਪਮਾਨ 47 ਡਿਗਰੀ ਸੈਲਸਿਅਸ ਤੱਕ ਪਹੁੰਚ ਸਕਦਾ ਹੈ। ਇਸ ਗਰਮੀ ਦੇ ਮੌਸਮ ਵਿੱਚ ਪਹਿਲੀ ਵਾਰ ਹੈ ਜਦੋਂ ਲੂ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਖੇਤਰੀ ਵਿਸ਼ੇਸ਼ ਮੈਟ੍ਰੋਲੋਜੀਕਲ ਸੈਂਟਰ ਦੇ ਮੁਖੀ ਰਾਜਿੰਦਰ ਕੁਮਾਰ ਗੰਨਾਮਨੀ ਨੇ ਦੱਸਿਆ ਕਿ ਭਾਰਤ ਵਿੱਚ ਪਿਛਲੇ 2 ਦਿਨਾਂ ਦੌਰਾਨ ਇਸ ਸਾਲ ਦਾ ਸਭ ਤੋਂ ਵੱਧ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਹੀਟਵੇਵ 28 ਮਈ ਤੋਂ ਘੱਟਣੀ ਸ਼ੁਰੂ ਹੋ ਜਾਵੇਗੀ, ਕਿਉਂਕਿ ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। 29 ਮਈ ਤੋਂ ਮੀਂਹ ਪੈਣਾ ਸ਼ੁਰੂ ਹੋ ਜਾਵੇਗਾ ਤੇ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਆ ਜਾਵੇਗਾ। ਦੱਖਣ-ਪੱਛਮੀ ਮਾਨਸੂਨ ਦੇ ਕੇਰਲਾ ਦੇ ਤੱਟ ‘ਤੇ 1 ਜੂਨ ਤੋਂ 5 ਜੂਨ ਤੱਕ ਪਹੁੰਚਣ ਦੀ ਉਮੀਦ ਹੈ ਤੇ 15 ਜੂਨ ਤੋਂ 20 ਜੂਨ ਦੇ ਦਰਮਿਆਨ ਮੁੰਬਈ ਪਹੁੰਚਣ ਦੀ ਉਮੀਦ ਹੈ। ਅਗਲੇ ਪੰਜ ਦਿਨਾਂ ਵਿੱਚ ਪੰਜਾਬ , ਹਰਿਆਣਾ , ਚੰਡੀਗੜ੍ਹ , ਦਿੱਲੀ , ਰਾਜਸਥਾਨ , ਉੱਤਰ ਪ੍ਰਦੇਸ਼ , ਮੱਧ ਪ੍ਰਦੇਸ਼ ਅਤੇ ਤੇਲੰਗਾਨ ਦੇ ਕੁੱਝ ਹਿੱਸੀਆਂ ਵਿੱਚ ਲੂ ਦੀ ਹਾਲਤ ਬਣੀ ਰਹੇਗੀ।