ਕੋਰੋਨਾ ਵਾਇਰਸ ਨਾਲ ਠੀਕ ਹੋ ਚੁੱਕੇ ਮਰੀਜ਼ਾਂ ਦੇ ਖ਼ੂਨ ਪਲਾਜ਼ਮਾ ਨਾਲ ਹੁਣ ਇਸ ਬਿਮਾਰੀ ਨਾਲ ਪੀੜਤ ਦੂਜੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਖ਼ੂਨ ਪਲਾਜ਼ਮਾ ਨਾਲ ਇਸ ਬਿਮਾਰੀ ਵਾਲੇ ਮਰੀਜ਼ਾਂ ਦੇ ਇਲਾਜ ਦੇ ਟ੍ਰਾਈਲ ਨੂੰ ਮਨਜੂਰੀ ਦਿੱਤੀ ਹੈ। ਏਮਜ਼ ਦੇ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਨਵਲ ਵਿਕਰਮ ਨੇ ਕਿਹਾ ਕਿ ਕੋਰੋਨਾ ਤੋਂ ਪੀੜਤ 4 ਲੋਕਾਂ ਦਾ ਇਲਾਜ ਉਸ ਵਿਅਕਤੀ ਦੇ ਖ਼ੂਨ ਨਾਲ ਕੀਤਾ ਜਾ ਸਕਦਾ ਹੈ, ਜੋ ਕੋਰੋਨਾ ਨਾਲ ਠੀਕ ਹੋ ਚੁੱਕੇ ਹਨ। ਪ੍ਰੋਫੈਸਰ ਨਵਲ ਵਿਕਰਮ ਦੇ ਅਨੁਸਾਰ ਇੱਕ ਵਿਅਕਤੀ ਦੇ ਪਲਾਜ਼ਮਾ ਤੋਂ ਚਾਰ ਨਵੇਂ ਮਰੀਜ਼ਾਂ ਨੂੰ ਠੀਕ ਕਰਨ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਪ੍ਰੋਫੈਸਰ ਨਵਲ ਵਿਕਰਮ ਦੇ ਅਨੁਸਾਰ ਕਿਸੇ ਮਰੀਜ਼ ਦੇ ਸਰੀਰ 'ਚੋਂ ਪਲਾਜ਼ਮਾ (ਐਂਟੀਬਾਡੀਜ਼) ਉਸ ਦੇ ਠੀਕ ਹੋਣ ਦੇ 14 ਦਿਨ ਬਾਅਦ ਹੀ ਲਿਆ ਜਾ ਸਕਦਾ ਹੈ ਅਤੇ ਉਸ ਮਰੀਜ਼ ਦਾ ਕੋਰੋਨਾ ਟੈਸਟ ਇੱਕ ਵਾਰ ਨਹੀਂ, ਸਗੋਂ ਦੋ ਵਾਰ ਕੀਤਾ ਜਾਵੇਗਾ। ਇੰਨਾ ਹੀ ਨਹੀਂ, ਠੀਕ ਹੋਏ ਮਰੀਜ਼ ਦਾ ਅਲੀਜ਼ਾ ਟੈਸਟ ਵੀ ਕੀਤਾ ਜਾਵੇਗਾ, ਤਾਕਿ ਪਤਾ ਲੱਗ ਸਕੇ ਕਿ ਉਸ ਦੇ ਸਰੀਰ 'ਚ ਐਂਟੀਬਾਡੀਜ਼ ਦੀ ਮਾਤਰਾ ਕਿੰਨੀ ਹੈ। ਇਸ ਤੋਂ ਇਲਾਵਾ ਪਲਾਜ਼ਮਾ ਦੇਣ ਵਾਲੇ ਵਿਅਕਤੀ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ ਕਿ ਉਸ ਨੂੰ ਕੋਈ ਹੋਰ ਬਿਮਾਰੀ ਤਾਂ ਨਹੀਂ ਹੈ। ਏਮਜ਼ ਵਿਭਾਗ ਦੇ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਡਾ. ਨਵਲ ਵਿਕਰਮ ਦੇ ਅਨੁਸਾਰ ਇਹ ਇਲਾਜ ਪ੍ਰਣਾਲੀ ਇਸ ਧਾਰਨਾ 'ਤੇ ਕੰਮ ਕਰਦੀ ਹੈ ਕਿ ਉਹ ਮਰੀਜ਼ ਜੋ ਕਿਸੇ ਲਾਗ ਤੋਂ ਠੀਕ ਹੋ ਜਾਂਦੇ ਹਨ, ਉਨ੍ਹਾਂ ਦੇ ਸਰੀਰ 'ਚ ਲਾਗ ਨੂੰ ਬੇਅਸਰ ਕਰਨ ਵਾਲੇ ਪ੍ਰਤੀਰੋਧਕ ਐਂਟੀਬਾਡੀਜ਼ ਵਿਕਸਿਤ ਹੋ ਜਾਂਦੀਆਂ ਹਨ।
ਇਸ ਤੋਂ ਬਾਅਦ ਨਵੇਂ ਮਰੀਜ਼ ਦੇ ਸਰੀਰ 'ਚ ਪੁਰਾਣੇ ਠੀਕ ਹੋ ਚੁੱਕੇ ਮਰੀਜ਼ਾਂ ਦਾ ਖ਼ੂਨ ਪਾ ਕੇ ਇਨ੍ਹਾਂ ਨੂੰ ਐਂਟੀਬਾਡੀਜ਼ ਰਾਹੀਂ ਨਵੇਂ ਮਰੀਜ਼ ਦੇ ਸਰੀਰ 'ਚ ਮੌਜੂਦ ਵਾਇਰਸ ਨੂੰ ਖ਼ਤਮ ਕੀਤਾ ਜਾਂਦਾ ਹੈ। ਇਸ ਤਕਨੀਕ ਨਾਲ ਠੀਕ ਹੋ ਚੁੱਕੇ ਮਰੀਜ਼ ਦੇ ਸ਼ਰੀਰ 'ਚੋਂ ਐਸਪੀਰੇਸਿਸ ਤਕਨੀਕ ਨਾਲ ਖ਼ੂਨ ਕੱਢਿਆ ਜਾਵੇਗਾ। ਇਸ ਤਕਨੀਕ 'ਚ ਸਿਰਫ਼ ਪਲਾਜ਼ਮਾ ਜਾਂ ਪਲੇਟਲੈਟਸ ਵਰਗੇ ਤੱਤਾਂ ਨੂੰ ਖ਼ੂਨ ਵਿੱਚੋਂ ਕੱਢ ਕੇ ਬਾਕੀ ਖ਼ੂਨ ਨੂੰ ਫਿਰ ਤੋਂ ਉਸ ਡੋਨਰ ਦੇ ਸਰੀਰ 'ਚ ਵਾਪਸ ਪਾ ਦਿੱਤਾ ਜਾਂਦਾ ਹੈ। ਦਰਅਸਲ ਇੱਕ ਵਿਅਕਤੀ ਦੇ ਖ਼ੂਨ 'ਚੋਂ 800 ਮਿਲੀਲੀਟਰ ਪਲਾਜ਼ਮਾ ਲਿਆ ਜਾ ਸਕਦਾ ਹੈ। ਉੱਥੇ ਹੀ ਕੋਰੋਨਾ ਨਾਲ ਬੀਮਾਰ ਮਰੀਜ਼ ਦੇ ਸਰੀਰ 'ਚ ਐਂਟੀਬਾਡੀਜ਼ ਪਾਉਣ ਲਈ ਲਗਭਗ 200 ਮਿਲੀਲੀਟਰ ਤਕ ਪਲਾਜ਼ਮਾ ਚੜ੍ਹਾਇਆ ਜਾ ਸਕਦਾ ਹੈ।
ਇਸ ਤਰਾਂ ਇੱਕ ਠੀਕ ਹੋ ਚੁੱਕੇ ਵਿਅਕਤੀ ਦਾ ਪਲਾਜ਼ਮਾ 4 ਲੋਕਾਂ ਦੇ ਇਲਾਜ 'ਚ ਮਦਦਗਾਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਮਰੀਜ਼ਾਂ ਨੂੰ ਇਹ ਦੇਣਾ ਜ਼ਰੂਰੀ ਨਹੀਂ ਹੈ। ਜਿਨ੍ਹਾਂ ਮਰੀਜ਼ਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੈ, ਉਨ੍ਹਾਂ ਨੂੰ ਇਹ ਦਿੱਤਾ ਜਾਵੇ ਤਾਂ ਜ਼ਿਆਦਾ ਬਿਹਤਰ ਹੈ, ਕਿਉਂਕਿ ਦੇਸ਼ 'ਚ ਹੁਣ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਹੈ, ਜਦਕਿ ਨਵੇਂ ਮਰੀਜ਼ ਤੇਜ਼ੀ ਨਾਲ ਵੱਧ ਰਹੇ ਹਨ।