ਜਿਥੇ ਭਾਰਤ ਭਰ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ, ਉਥੇ ਹੀ ਪੰਜਾਬ ਅੰਦਰ ਵੀ ਇਹ ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ | ਅੱਜ ਜ਼ਿਲ੍ਹਾ ਮੁਹਾਲੀ ਅੰਦਰ ਕੋਰੋਨਾ ਵਾਇਰਸ ਤੋਂ ਪੀੜਤ 11 ਹੋਰ ਮਰੀਜ਼ ਸਾਹਮਣੇ ਆਉਣ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 48 ਹੋ ਗਈ ਹੈ | ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ ਕੋਰੋਨਾ ਮਹਾਂਮਾਰੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਪਿੰਡ ਜਵਾਹਰਪੁਰ ਵਿਖੇ ਮਰੀਜ਼ਾਂ ਦੀ ਚੇਨ ਨੂੰ ਤੋੜਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਪਰ ਰੋਜ਼ਾਨਾ ਹੀ ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਬੇਵੱਸ ਨਜ਼ਰ ਆ ਰਿਹਾ ਹੈ | ਇਕੱਲੇ ਪਿੰਡ ਜਵਾਹਰਪੁਰ 'ਚ ਰੋਜ਼ਾਨਾ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ 'ਤੇ ਇਸ ਪਿੰਡ 'ਚ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 32 ਹੋ ਗਈ ਹੈ |
ਅੱਜ ਸਾਹਮਣੇ ਆਏ 10 ਮਾਮਲਿਆਂ 'ਚ ਪੰਚ ਮਲਕੀਤ ਸਿੰਘ, ਸਰਪੰਚ ਦੇ ਪਤੀ ਬਲਾਕ ਸੰਮਤੀ ਅਵਤਾਰ ਸਿੰਘ, ਨੈਬ ਸਿੰਘ ਸਮੇਤ ਪਿੰਡ ਦੇ ਪਹਿਲਾਂ ਪਾਜ਼ੀਟਿਵ ਆ ਚੁੱਕੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂਅ ਸ਼ਾਮਿਲ ਹਨ | ਇਸ ਤੋਂ ਇਲਾਵਾ ਪਿੰਡ ਦੇ ਇਕ ਕਰੀਬ 10 ਮਹੀਨਿਆਂ ਦੇ ਬੱਚੇ ਦੀ ਕੋਰੋਨਾ ਸਬੰਧੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ | 10 ਮਾਮਲੇ ਹੋਰ ਸਾਹਮਣੇ ਆਉਣ 'ਤੇ ਐਸ. ਡੀ. ਐਮ. ਡੇਰਾਬੱਸੀ ਕੁਲਦੀਪ ਬਾਵਾ, ਤਹਿਸੀਲਦਾਰ ਨਵਪ੍ਰੀਤ ਸਿੰਘ ਤੇ ਡੀ. ਐਸ. ਪੀ. ਗੁਰਬਖਸ਼ੀਸ਼ ਸਿੰਘ ਨੇ ਪਿੰਡ ਵਿਖੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ |