ਰਾਗੀ ਨਿਰਮਲ ਸਿੰਘ ਦੇ ਇਲਾਜ ਦੌਰਾਨ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਨਾਲ ਕੀਤੀ ਗਈ ਗੱਲਬਾਤ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੌਰਮਿੰਟ ਮੈਡੀਕਲ ਕਾਲਜ ਵਿਖੇ ਮੀਟਿੰਗ ਕੀਤੀ ਅਤੇ ਰਾਗੀ ਨਿਰਮਲ ਸਿੰਘ ਦੇ ਇਲਾਜ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਬਾਕੀ ਮਰੀਜ਼ਾਂ ਦੇ ਜਾਂਚ ਬਾਰੇ ਅਧਿਕਾਰੀਆਂ ਨੂੰ ਗਾਈਡਲਾਈਨਜ਼ ਜਾਰੀ ਕੀਤੀਆਂ। ਓਪੀ ਸੋਨੀ ਨੇ ਦੱਸਿਆ ਕਿ ਰਾਗੀ ਨਿਰਮਲ ਸਿੰਘ ਪਹਿਲਾਂ ਗੁਰੂ ਰਾਮਦਾਸ ਹਸਪਤਾਲ ਗਏ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਰਾਗੀ ਨਿਰਮਲ ਸਿੰਘ ਦਾ ਇਲਾਜ ਨਹੀਂ ਕੀਤਾ ਤੇ ਰਾਗੀ ਨਿਰਮਲ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ।
ਜਿੱਥੇ ਡਾਕਟਰਾਂ ਨੇ ਤੁਰੰਤ ਟੈਸਟ ਤੋਂ ਬਾਅਦ ਆਈਸੋਲੇਸ਼ਨ ਵਾਰਡ ਵਿੱਚ ਸ਼ਿਫਟ ਕਰਕੇ ਰਾਗੀ ਨਿਰਮਲ ਸਿੰਘ ਦਾ ਇਲਾਜ ਸ਼ੁਰੂ ਕਰ ਦਿੱਤਾ ਸੀ। ਸੋਨੀ ਨੇ ਸਪੱਸ਼ਟ ਕੀਤਾ ਕਿ ਰਾਗੀ ਨਿਰਮਲ ਸਿੰਘ ਨੂੰ ਉਹੀ ਦਵਾਈਆਂ ਦਿੱਤੀਆਂ ਗਈਆਂ ਜੋ ਪੂਰੇ ਭਾਰਤ ਵਿੱਚ ਬਾਕੀ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਮ ਪ੍ਰਕਾਸ਼ ਸੋਨੀ ਨੇ ਰਾਗੀ ਨਿਰਮਲ ਸਿੰਘ ਦੀ ਮੌਤ ਤੇ ਕਿਹਾ ਕਿ ਉਨ੍ਹਾਂ ਦੀ ਜੋ ਰਿਸ਼ਤੇਦਾਰਾਂ ਨਾਲ ਹੋਈ ਗੱਲਬਾਤ ਦੀ ਆਡੀਓ ਵਾਇਰਲ ਹੋਈ ਹੈ ਉਸ ਤੇ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਡਾਕਟਰਾਂ ਵੱਲੋਂ ਰਾਗੀ ਨਿਰਮਲ ਸਿੰਘ ਦੇ ਇਲਾਜ ਵਿੱਚ ਕੋਈ ਕਮੀ ਪੇਸ਼ੀ ਨਹੀਂ ਰਹੀ ਅਜਿਹੀ ਗੱਲ ਬੇਤੁਕੀ ਹੈ ਕਿ ਇਨ੍ਹੇ ਵੱਡੇ ਹਸਪਤਾਲ ਵਿੱਚ ਥਰਮਾ ਮੀਟਰ ਹੀ ਨਹੀਂ।