ਉੱਘੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਈ ਹੈ। ਵਰਨਣਯੋਗ ਹੈ ਕਿ ਸੰਤ ਸੀਚੇਵਾਲ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਬੀਤੀ 13 ਮਾਰਚ ਨੂੰ ਮੁਲਾਕਾਤ ਹੋਈ ਸੀ। ਭਾਈ ਖਾਲਸਾ ਦਾ ਬੀਤੇ ਦਿਨ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ ਹੈ। ਐੱਸ.ਐੱਮ.ਓ. ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨਾਲ ਸੰਪਰਕ ਕਰਨ 'ਤੇ ਪਤਾ ਲੱਗਾ ਕਿ ਭਾਈ ਖਾਲਸਾ ਦੇ ਸੰਪਰਕ 'ਚ ਆਉਣ ਕਾਰਨ ਸੰਤ ਸੀਚੇਵਾਲ ਅਤੇ ਉਨ੍ਹਾਂ ਦੇ 5 ਸੇਵਾਦਾਰਾਂ ਦੇ ਸੈਂਪਲ ਲਏ ਗਏ ਸਨ, ਜਿੰਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਉਂਝ ਇਹ ਜਾਣਕਾਰੀ ਸੀਚੇਵਾਲ ਟਾਈਮਜ਼ ਦੇ ਫੇਸਬੁੱਕ ਪੇਜ ‘ਤੇ ਵੀ ਪਾਈ ਗਈ ਹੈ। ਰਿਪੋਰਟ ਬਾਰੇ ਸੀਚੇਵਾਲ ਨੇ ਖੁਦ ਫੇਸਬੁੱਕ ਪੇਜ਼ ‘ਤੇ ਲਾਈਵ ਹੋ ਕੇ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਮੇਤ ਚਾਰ ਸੇਵਾਦਾਰਾਂ ਦੇ ਟੈਸਟ ਲਈ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਹੁਣ ਨੈਗੇਟਿਵ ਆ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਫੋਨ ਆ ਰਹੇ ਸਨ ਅਤੇ ਸਾਰੇ ਚਿੰਤਾ ਕਰ ਰਹੇ ਸਨ ਜਦਕਿ ਹੁਣ ਉਨ੍ਹਾਂ ਸਮੇਤ ਸੇਵਾਦਾਰਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ।