ਮਾਂ ਦੀ ਲਾਸ਼ ਲੈਣ ਵੀ ਨਾ ਆਏ ਧੀਆਂ ਪੁੱਤ, ਕਹਿੰਦੇ ਆਪੇ ਫੂਕਦੋ

Tags

ਕੋਰੋਨਾ ਦੀ ਦਹਿਸ਼ਤ ਨੇ ਪੰਜਾਬੀਆਂ ਦਾ ਖੂਨ ਚਿੱਟਾ ਕਰ ਦਿੱਤਾ ਹੈ। ਪੰਜਾਬ ਵਿੱਚ ਪਰਿਵਾਰਕ ਮੈਂਬਰ ਕੋਰੋਨਾ ਪੀੜਤਾਂ ਦੇ ਸਸਕਾਰ ਤੋਂ ਦੂਰ ਭੱਜ ਰਹੇ ਹਨ। ਲੋਕ ਮ੍ਰਿਤਕ ਦੇਹਾਂ ਲੈਣ ਤੋਂ ਇਨਕਾਰ ਕਰ ਰਹੇ ਹਨ। ਕੋਰੋਨਾ ਪੀੜਤਾਂ ਦੀਆਂ ਅੰਤਿਮ ਰਸਮਾਂ ਵਿੱਚ ਕੋਈ ਸ਼ਾਮਲ ਹੋਣ ਲਈ ਤਿਆਰ ਨਹੀਂ ਹੈ। ਇਸ ਲਈ ਸਰਕਾਰੀ ਮੁਲਾਜ਼ਮਾਂ ਨੂੰ ਅੱਗੇ ਆ ਕੇ ਇਹ ਰਸਮਾਂ ਨਿਭਾਉਣੀਆਂ ਪੈ ਰਹੀਆਂ ਹਨ। ਤਾਜ਼ਾ ਘਟਨਾ ਵਿੱਚ 5 ਅਪ੍ਰੈਲ ਨੂੰ ਇੱਕ ਔਰਤ ਦਾ ਸਸਕਾਰ ਲੁਧਿਆਣਾ ਵਿੱਚ ਅਧਿਕਾਰੀਆਂ ਨੇ ਕੀਤਾ ਕਿਉਂਕਿ ਪਰਿਵਾਰ ਨੇ ਵਾਇਰਸ ਦੇ ਸੰਕਰਮਣ ਦੇ ਡਰੋਂ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇੱਕ ਹੋਰ ਕੇਸ ਵਿੱਚ, ਸਸਕਾਰ ਮਾਲ ਸਟਾਫ ਵੱਲੋਂ ਕੀਤਾ ਗਿਆ ਸੀ ਕਿਉਂਕਿ ਪੂਰਾ ਪਰਿਵਾਰ ਅਲੱਗ-ਥਲੱਗ ਸੀ।

ਤਾਜ਼ਾ ਮਾਮਲੇ ਵਿੱਚ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ 5 ਅਪ੍ਰੈਲ ਨੂੰ ਲੁਧਿਆਣਾ ਨਿਵਾਸੀ ਸੁਰਿੰਦਰ ਕੌਰ ਦਾ ਅੰਤਿਮ ਸਸਕਾਰ ਕੀਤਾ। ਉਸ ਦੇ ਪਰਿਵਾਰ ਵਾਲਿਆਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਪ੍ਰਸ਼ਾਸਨ ਨੂੰ ਕਿਹਾ ਕਿ ਉਸ ਦਾ ਸਸਕਾਰ ਕਰਨਾ ਉਨ੍ਹਾਂ ਦਾ ਫਰਜ਼ ਹੈ। ਵਧੀਕ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸੰਧੂ ਨੇ ਵੀਡੀਓ ਰਾਹੀਂ ਕਿਹਾ ਕਿ ਪਰਿਵਾਰ ਸ਼ਮਸ਼ਾਨਘਾਟ ਪਹੁੰਚਿਆ ਪਰ 100 ਮੀਟਰ ਦੀ ਦੂਰੀ ‘ਤੇ ਖੜ੍ਹੀ ਕਾਰ ਵਿੱਚ ਬੈਠਾ ਰਿਹਾ। ਇੱਥੋਂ ਤੱਕ ਉਨ੍ਹਾਂ ਨੇ ਚਿਤਾ ਨੂੰ ਅੱਗ ਤੱਕ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸਾਰੀ ਰਸਮ ਡਿਊਟੀ ਮੈਜਿਸਟ੍ਰੇਟ ਜਸਬੀਰ ਸਿੰਘ ਨੇ ਨਿਭਾਈ।