ਕੋਰੋਨਾ ਵਾਇਰਸ ਨੂੰ ਲੈ ਕੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਗਰਮੀਆਂ ਦੀਆਂ ਛੁੱਟੀਆਂ 11 ਅਪ੍ਰੈਲ ਤੋਂ 10 ਮਈ ਤੱਕ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ 5ਵੀਂ ਅਤੇ 8ਵੀਂ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਹਿਸਾਬ ਨਾਲ ਅਗਲੀ ਜਮਾਤ ਵਿਚ ਕੀਤਾ ਜਾਵੇਗਾ। ਸਿੰਗਲਾ ਨੇ ਦੱਸਿਆ ਕਿ ਹੁਣ ਇਕ ਮਹੀਨੇ ਲਈ ਗਰਮੀ ਦੀਆਂ ਛੁੱਟੀਆਂ 11 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਤੇ 10 ਮਈ ਤੱਕ ਚੱਲਣਗੀਆਂ। ਸਿੱਖਿਆ ਮੰਤਰੀ ਨੇ ਕਿਹਾ ਕਿ ਮੰਤਰੀ ਮੰਡਲ ਨੇ ਇਹ ਵੀ ਫੈਸਲਾ ਕੀਤਾ ਕਿ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਕਰਫਿਊ ਤੋਂ ਪਹਿਲਾਂ ਜਿਹੜੇ ਪੇਪਰ ਦੇ ਦਿੱਤੇ ਸਨ,
ਉਨ੍ਹਾਂ ਦੇ ਆਧਾਰ ਉਤੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਇਨ੍ਹਾਂ ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ ਵਿਚ ਭੇਜ ਦੇਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪੀ. ਐੱਸ. ਈ. ਬੀ. ਨੇ ਕਰਫਿਊ ਲਗਾਉਣ ਤੋਂ ਪਹਿਲਾਂ ਪੰਜਵੀਂ ਜਮਾਤ ਦੇ ਤਿੰਨ ਪੇਪਰ ਲਏ ਸਨ ਅਤੇ ਹੁਣ ਮੰਤਰੀ ਮੰਡਲ ਨੇ ਬਾਕੀ ਰਹਿੰਦੇ ਦੋ ਪੇਪਰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਠਵੀਂ ਜਮਾਤ ਦੇ ਸਬੰਧ ਵਿੱਚ ਪ੍ਰੈਕਟੀਕਲ ਪ੍ਰੀਖਿਆਵਾਂ ਬਕਾਇਆ ਸਨ ਪਰ ਹੁਣ ਬੋਰਡ ਦੋਵਾਂ ਕਲਾਸਾਂ ਲਈ ਕੋਈ ਹੋਰ ਪੇਪਰ ਲਏ ਬਗ਼ੈਰ ਹੀ ਨਤੀਜਿਆਂ ਦਾ ਐਲਾਨ ਕਰੇਗਾ।