ਪੰਜਾਬ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ 15 ਅਪ੍ਰੈਲ ਤੋਂ ਯਾਨੀ ਅੱਜ ਤੋਂ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਮੰਡੀਆਂ 'ਚ ਕਰ ਦਿੱਤੀ ਜਾਵੇਗੀ। ਈ-ਪਾਸ ਰਾਹੀਂ ਕਿਸਾਨਾਂ ਨੂੰ ਮੰਡੀਆਂ 'ਚ ਸੱਦਿਆ ਜਾਵੇਗਾ ਪਰ ਪਤਾ ਲੱਗਾ ਕਿ ਹਾਲੇ ਤੱਕ ਤਾਂ ਆੜ੍ਹਤੀਆਂ ਨੂੰ ਹੀ ਪਾਸ ਨਹੀਂ ਜਾਰੀ ਹੋਏ। ਲੁਧਿਆਣਾ ਦੀ ਦਾਣਾ ਮੰਡੀ ਦੇ ਵਿੱਚ ਪਾਸ ਲੈ ਕੇ ਕਣਕ ਵੇਚਣ ਕੋਈ ਕਿਸਾਨ ਤਾਂ ਨਹੀਂ ਪਹੁੰਚਿਆ ਪਰ ਇੱਕ ਕਿਸਾਨ ਜ਼ਰੂਰ ਬਿਨਾਂ ਪਾਸ ਤੋਂ ਹੀ ਗੁਰਦੁਆਰਾ ਸਾਹਿਬ ਦੀ ਕਣਕ ਲੈ ਕੇ ਮੰਡੀ 'ਚ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਰਸਤੇ ਵਿੱਚ ਵੀ ਕਿਤੇ ਨਹੀਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਮੰਡੀ 'ਚ ਪ੍ਰਬੰਧ ਤਾਂ ਪੂਰੇ ਨੇ ਪਰ ਹਾਲੇ ਤੱਕ ਖਰੀਦ ਸ਼ੁਰੂ ਨਹੀਂ ਹੋਈ।
ਉਧਰ, ਦੂਜੇ ਪਾਸੇ ਸਰਕਾਰ ਵੱਲੋਂ ਮੰਡੀ 'ਚ ਵਿਸ਼ੇਸ਼ ਤੌਰ ਤੇ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਜੋ ਕਰੋਨਾਵਾਰਿਸ ਨੂੰ ਲੈ ਕੇ ਮੰਡੀ ਵਿੱਚ ਕੰਮ ਦੌਰਾਨ ਸਮਾਜਿਕ ਦੂਰੀ ਦਾ ਧਿਆਨ ਰੱਖਣਗੇ। ਆੜ੍ਹਤੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹਾਲੇ ਤੱਕ ਪਾਸ ਜਾਰੀ ਨਹੀਂ ਹੋਏ, ਉਹ ਕਿਸਾਨਾਂ ਦੇ ਪਾਸ ਕਿਵੇਂ ਬਣਾਉਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਵੱਲ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਬਕਾਇਆ ਵੀ ਹੈ ਜੋ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ। ਉਧਰ, ਜਦੋਂ ਲੁਧਿਆਣਾ ਮੰਡੀ ਦੇ ਆੜ੍ਹਤੀਆਂ ਨੇ ਕਿਹਾ ਕਿ ਮੰਡੀਆਂ 'ਚ ਜੋ ਪ੍ਰਬੰਧ ਨੇ, ਉਹ ਉਨ੍ਹਾਂ ਵੱਲੋਂ ਆਪਣੇ ਪੱਧਰ ਤੇ ਹੀ ਕੀਤੇ ਗਏ ਹਨ। ਮੰਡੀ ਬੋਰਡ ਵੱਲੋਂ ਨਾ ਤਾਂ ਕੋਈ ਅਫਸਰ ਫਿਲਹਾਲ ਮੌਕੇ ਤੇ ਪਹੁੰਚਿਆ ਹੈ ਤੇ ਨਾ ਹੀ ਕੋਈ ਮੰਡੀਆਂ 'ਚ ਵਿਸ਼ੇਸ਼ ਪ੍ਰਬੰਧ ਉਨ੍ਹਾਂ ਵੱਲੋਂ ਕੀਤੀ ਗਏ ਹਨ।