ਵਿਸ਼ਵ ਇਸ ਸਮੇਂ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਿਹਾ ਹੈ ਤੇ ਦੁਨੀਆ ਨੂੰ ਹਾਈਡ੍ਰੋਕਸਾਈਡ ਕਲੋਰੋਕਿਨ ਤਿਆਰ ਕਰਨ ਵਾਲਾ ਸਭ ਤੋਂ ਵੱਡਾ ਨਿਰਮਾਤਾ ਭਾਰਤ ਮਸੀਹਾ ਨਜ਼ਰ ਆ ਰਿਹਾ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇ ਬੋਲਸੇਨਾਰੋ ਨੇ ਇਸ ਦਵਾਈ ਦੀ ਸਪਲਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਧਨਵਾਦ ਪੱਤਰ ਵਿੱਚ ਸੰਜੀਵਨੀ ਬੂਟੀ ਦੀ ਮਦਦ ਦਾ ਜ਼ਿਕਰ ਕੀਤਾ। ਇਸ ਦੇ ਨਾਲ ਹੀ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਦਵਾਈ ਬਾਰੇ ਪੀਐਮ ਮੋਦੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੂੰ ਮਹਾਨ ਤੇ ਬਹੁਤ ਚੰਗਾ ਦੱਸਿਆ। ਦਿਲਚਸਪ ਗੱਲ ਇਹ ਹੈ ਕਿ ਰਾਸ਼ਟਰਪਤੀ ਟਰੰਪ ਦਾ ਤਾਜ਼ਾ ਬਿਆਨ ਭਾਰਤ ਤੋਂ ਹਾਈਡ੍ਰੋਕਸਾਈਡ ਕਲੋਰੋਕਿਨ ਨਾ ਮਿਲਣ 'ਤੇ ਬਦਲੇ ਦੀ ਧਮਕੀ ਦੇਣ ਦੇ ਸਿਰਫ 24 ਘੰਟਿਆਂ ਵਿੱਚ ਆਇਆ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਆਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਭਾਰਤ ਨੇ ਕੋਵਿਡ 19 ਸੰਕਟ ਵਿੱਚ ਮਨੁੱਖਤਾਵਾਦੀ ਸਹਾਇਤਾ ਦੇ ਅਧਾਰ ‘ਤੇ ਇਸ ਦਵਾਈ ਨੂੰ ਦੂਜੇ ਦੇਸ਼ਾਂ ਨੂੰ ਸਪਲਾਈ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੇਨਾਰੋ ਨੇ ਵੀ ਭਾਰਤ ਦੀ ਮਦਦ ਦੀ ਤੁਲਨਾ ਹਨੁਮਾਨ ਜੀ ਦੀ ਸੰਜੀਵਨੀ ਬੂਟੀ ਲਿਆਉਣ ਨਾਲ ਕੀਤੀ। ਡੋਨਾਲਡ ਟਰੰਪ ਨੇ ਫੌਕਸ ਨਿਊਜ਼ ਨੂੰ ਇਕ ਫੋਨ ਇੰਟਰਵਿਊ ਵਿਚ ਕਿਹਾ ਕਿ ਉਸਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੋਵਿਡ 19 ਦੇ ਇਲਾਜ ਲਈ ਵਰਤੀ ਜਾਂਦੀ ਹਾਈਡ੍ਰੋਕਸਾਈਡ ਕਲੋਰੋਕਿਨ ਦਵਾਈ ਬਾਰੇ ਗੱਲ ਕੀਤੀ ਸੀ।
ਟਰੰਪ ਅਨੁਸਾਰ ਭਾਰਤ ਆਪਣੀਆਂ ਜ਼ਰੂਰਤਾਂ ਦੇ ਕਾਰਨ ਰੁਕ ਗਿਆ ਸੀ। ਇਸ ਲਈ ਫੋਨ ਗੱਲਬਾਤ ‘ਚ ਉਸ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਸੀ ਕਿ ਕੀ ਭਾਰਤ ਅਮਰੀਕਾ ਲਈ ਇਸ ਦਵਾਈ ਨੂੰ ਜਾਰੀ ਕਰ ਸਕਦਾ ਹੈ। ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਮਹਾਨ ਤੇ ਬਹੁਤ ਚੰਗੇ ਸ਼ਬਦਾਂ ਦੀ ਵਰਤੋਂ ਕੀਤੀ।