ਮੰਡੀਆਂ ਵਿੱਚ ਕਣਕ ਵੇਚਣ ਲਈ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਬਣਾਈ ਨਵੀਂ ਰਣਨੀਤੀ

Tags

ਕਰੋਨਾਵਾਇਰਸ ਕਰਕੇ ਕਿਸਾਨਾਂ ਨੂੰ ਇਹ ਗੱਲ ਵੱਢ-ਵੱਢ ਕੇ ਖਾ ਰਹੀ ਹੈ ਕਿ ਆਖਰ ਮੰਡੀਆਂ ਵਿੱਚ ਕਣਕ ਕਿਵੇਂ ਵੇਚਣਗੇ। ਬੇਸ਼ੱਕ ਪੰਜਾਬ ਸਰਕਾਰ ਨੇ ਭਰੋਸਾ ਦੁਆਇਆ ਹੈ ਕਿ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਪਰ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਹੋਇਆ ਕਿ ਆਖਰ ਸਰਕਾਰ ਕਣਕ ਖਰੀਦਣ ਲਈ ਕੀ ਪ੍ਰਬੰਧ ਕਰ ਰਹੀ ਹੈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਲਈ ਵਿਆਪਕ ਰਣਨੀਤੀ ਬਣਾਈ ਜਾ ਰਹੀ ਹੈ। ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨਾਂ ਨੂੰ ਕਣਕ ਦੀ ਖਰੀਦ ਲਈ ਟੋਕਨ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਜਿਸ ਕਿਸਾਨ ਕੋਲ ਟੋਕਨ ਹੋਵੇਗਾ, ਉਸ ਦੀ ਜਿਣਸ ਹੀ ਖਰੀਦੀ ਜਾਵੇਗੀ। ਇਸ ਲਈ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਲਈ ਟੋਕਨ ਲੈਣਾ ਜ਼ਰੂਰੀ ਹੈ।

ਸੂਬੇ ਦੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਕਣਕ ਦੀ ਖਰੀਦ ਲਈ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਣਕ ਦੀ ਖਰੀਦ ਲਈ ਪੰਜਾਬ ਮੰਡੀ ਬਰੋਡ ਕਿਸਾਨਾਂ ਨੂੰ ਟੋਕਨ ਜਾਰੀ ਕਰੇਗਾ ਤੇ ਉਸੇ ਕਿਸਾਨ ਦੀ ਜਿਣਸ ਖਰੀਦੀ ਜਾਵੇਗੀ, ਜਿਸ ਕੋਲ ਟੋਕਨ ਹੋਵੇਗਾ। ਸੂਤਰਾਂ ਮੁਤਾਬਕ ਸਰਕਾਰ ਨੇ ਕਣਕ ਦੇ ਖਰੀਦ ਸੀਜ਼ਨ ਵਿੱਚ ਕਿਸਾਨਾਂ ਲਈ ਤੈਅ ਫਾਸਲਾ ਬਣਾਈ ਰੱਖਣਾ ਯਕੀਨੀ ਬਣਾਉਣ ਵਾਸਤੇ ਪਿਛਲੇ ਖਰੀਦ ਸੀਜ਼ਨ ਦੇ ਮੁਕਾਬਲੇ ਤਿੰਨ ਹਜ਼ਾਰ ਤੋਂ ਵੱਧ ਹੋਰ ਮੰਡੀਆਂ ਤੇ ਖਰੀਦ ਕੇਂਦਰ ਬਣਾਉਣ ਦਾ ਫ਼ੈਸਲਾ ਲਿਆ ਹੈ। ਪਿਛਲੀ ਵਾਰ ਸੂਬੇ ਵਿੱਚ 1820 ਮੰਡੀਆਂ ਤੇ ਖਰੀਦ ਕੇਂਦਰ ਸਨ। ਇਸ ਤੋਂ ਇਲਾਵਾ ਕਣਕ ਦੀ ਖਰੀਦ ਲਈ ਨਵਾਂ ਤਰੀਕਾ ਅਪਣਾਉਣ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ’ਤੇ ਇੱਕ-ਦੋ ਦਿਨਾਂ ਵਿੱਚ ਮੋਹਰ ਲਾਏ ਜਾਣ ਦੀ ਉਮੀਦ ਹੈ।

ਹਰਿਆਣਾ ਸਰਕਾਰ ਨੇ ਕਣਕ ਦੀ ਖਰੀਦ ਲਈ ਸੂਬੇ ਦੇ ਕਿਸਾਨਾਂ ਦੀ ਰਜਿਸਟ੍ਰੇਸ਼ਨ ਕਰਨ ਦੀਆਂ ਤਿਆਰੀਆਂ ਕਰ ਲਈਆਂ ਹਨ ਤੇ ਉਨ੍ਹਾਂ ਕਿਸਾਨਾਂ ਕੋਲੋਂ ਹੀ ਕਣਕ ਖਰੀਦੀ ਜਾਵੇਗੀ, ਜਿਹੜੇ ਰਜਿਸਟ੍ਰੇਸ਼ਨ ਕਰਵਾਉਣਗੇ। ਕਣਕ ਦੀ ਖਰੀਦ ਦੇ ਪੈਸੇ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ ਸਬੰਧੀ ਖੁਰਾਕ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਫ਼ੈਸਲੇ ਨੂੰ ਅੱਗੇ ਪਾ ਦਿਤਾ ਹੈ। ਇਸ ਲਈ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਆੜ੍ਹਤੀਆਂ ਰਾਹੀ ਹੀ ਹੋਵੇਗੀ। ਵਿਭਾਗ ਨੇ ਇਸ ਦੀਆਂ ਵੀ ਤਿਆਰੀਆਂ ਕਰ ਲਈਆਂ ਹਨ।

ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੂੰ ਤਜਵੀਜ਼ ਭੇਜੀ ਗਈ ਹੈ ਕਿ ਜਿਹੜੇ ਕਿਸਾਨ ਆਪਣੇ ਘਰਾਂ ਵਿਚ ਕਣਕ ਰੱਖਣ, ਉਨ੍ਹਾਂ ਨੂੰ ਬੋਨਸ ਦਿੱਤਾ ਜਾਵੇ ਪਰ ਅਜੇ ਤਕ ਕੇਂਦਰ ਸਰਕਾਰ ਨੇ ਕੋਈ ਹੁੰਗਾਰਾ ਨਹੀਂ ਭਰਿਆ ਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ। ਜਵਾਬ ਆਉਣ ਮਗਰੋਂ ਹੀ ਪਤਾ ਲੱਗੇਗਾ ਕਿ ਕੇਂਦਰ ਸਰਕਾਰ, ਪੰਜਾਬ ਤੇ ਹਰਿਆਣਾ ਸਰਕਾਰਾਂ ਦੀ ਬੋਨਸ ਦੇਣ ਦੀ ਤਜਵੀਜ਼ ਨੂੰ ਹੁੰਗਾਰਾ ਭਰਦੀ ਹੈ ਜਾਂ ਨਹੀਂ।