ਸਿੱਖ ਕੌਮ ਦੇ ਮਹਾਨ ਕੀਰਤਨੀਏ ਭਾਈ ਨਿਰਮਲ ਸਿੰਘ ਜੀ ਖ਼ਾਲਸਾ ਅੱਜ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਸਿੱਖੀ ਦੇ ਪ੍ਰਚਾਰ ਵਿੱਚ ਵੱਡਾ ਯੋਗਦਾਨ ਰਿਹਾ ਹੈ। ਗੁਰਬਾਣੀ ਦੇ ਸੁਰਾਂ ਰਾਹੀਂ ਉਚਾਰਣ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਇਸ ਲਈ ਹੀ ਉਨ੍ਹਾਂ ਦਾ ਧਾਰਮਿਕ ਜਗਤ ਦੇ ਨਾਲ-ਨਾਲ ਸੰਗੀਤ ਜਗਤ ਵਿੱਚ ਵੀ ਵੱਡਾ ਸਨਮਾਨ ਸੀ। ਉਨ੍ਹਾਂ ਨੂੰ ਦੇਸ਼ ਦੇ ਵੱਕਾਰੀ ਐਵਾਰਡ ਪਦਮ ਸ੍ਰੀ ਨਾਲ ਨਵਾਜਿਆ ਗਿਆ ਸੀ। ਕੌਮ ਦਾ ਇਹ ਮਹਾਨ ਹੀਰਾ ਕਰੀਬ 6 ਮਹੀਨੇ ਪਹਿਲਾਂ ਇੰਗਲੈਂਡ ਦੀ ਧਰਤੀ ਤੋਂ ਵਾਪਸ ਪਰਤਿਆ ਸੀ ਕਿ ਪਿਛਲੇ ਦਿਨੀਂ ਕਰੋਨਾ ਦੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਿਆ ਤੇ 2 ਅਪ੍ਰੈਲ ਨੂੰ ਅੰਮ੍ਰਿਤ ਵੇਲੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ।
ਭਾਈ ਨਿਰਮਲ ਸਿੰਘ ਖਾਲਸਾ ਨੇ ਸੰਗੀਤ ਜਗਤ ਵਿੱਚ ਜੋ ਯੋਗਦਾਨ ਪਾਇਆ ਉਸ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ। ਬੇਸ਼ੱਕ ਉਸ ਵੇਲੇ ਸੰਗੀਤ ਦਾ ਉਨ੍ਹਾਂ ਨੂੰ ਕੋਈ ਬਹੁਤਾ ਗਿਆਨ ਨਹੀਂ ਸੀ ਪਰ ਸ਼੍ਰੋਮਣੀ ਕਮੇਟੀ ਦੇ ਮਰਹੂਮ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਦੀ ਸਿਫਾਰਸ਼ ਨਾਲ ਆਪ ਦੀ ਚੋਣ ਹੋ ਗਈ। ਉਨ੍ਹਾਂ ਉੱਤੇ ਰਹਿ ਕੇ ਸਭ ਤੋਂ ਪਹਿਲਾਂ ਸੰਗੀਤ ਦੀ ਤਾਲੀਮ ਲਈ। ਇਸ ਤੋਂ ਇਲਾਵਾ ਪ੍ਰਸਿੱਧ ਗਜ਼ਲ ਗਾਇਕ ਗੁਲਾਮ ਅਲੀ ਖਾਨ ਸਾਹਿਬ ਦੇ ਵੀ ਆਪ ਸ਼ਗਿਰਦ ਰਹੇ। ਉਨ੍ਹਾਂ ਕੋਲੋਂ ਵੀ ਸੰਗੀਤ ਦੀ ਸਿੱਖਿਆ ਲਈ। ਮਹਾਨ ਕੀਰਤਨੀਏ ਭਾਈ ਗੁਰਮੇਜ ਸਿੰਘ ਨਾਲ ਆਪ ਨੇ ਲੰਮਾ ਸਮਾਂ ਸਹਾਇਕ ਰਾਗੀ ਵਜੋਂ ਸੇਵਾ ਨਿਭਾਈ।