ਪਟਿਆਲਾ 'ਚ ਬੀਤੇ ਦਿਨੀਂ 50 ਸਾਲਾ ਵਿਅਕਤੀ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਸੀ। ਅੱਜ ਉਸ ਦੀ ਪਤਨੀ ਅਤੇ ਦੋ ਬੱਚਿਆਂ ਦਾ ਵੀ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ। ਪੰਜਾਬ 'ਚ ਅੱਜ ਬੁੱਧਵਾਰ ਨੂੰ ਪੰਜ ਨਵੇਂ ਕੋਰੋਨਾ ਪਾਜ਼ੀਟਿਵ ਕੇਸ ਪਾਏ ਗਏ ਹਨ। ਇੰਝ ਸੂਬੇ 'ਚ ਕੁੱਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 189 ਹੋ ਗਈ ਹੈ। ਜਾਣਕਾਰੀ ਮੁਤਾਬਿਕ ਸਿਹਤ ਵਿਭਾਗ ਨੇ 450 ਤੋਂ ਵੱਧ ਲੋਕਾਂ ਬਾਰੇ ਪਤਾ ਲਗਾਇਆ ਹੈ, ਜਿਨ੍ਹਾਂ ਨੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਮਰੀਜ਼ ਨਾਲ ਸੰਪਰਕ ਕੀਤਾ ਸੀ। ਇਹ ਪਰਿਵਾਰ ਪਟਿਆਲਾ ਦੇ ਸੈਫਾ ਬੱਦੀ ਗੇਟ ਦਾ ਵਸਨੀਕ ਹੈ।
50 ਸਾਲਾ ਵਿਅਕਤੀ ਲੌਕਡਾਊਨ ਦੌਰਾਨ ਲੋੜਵੰਦਾਂ ਨੂੰ ਲੰਗਰ ਵੰਡਣ 'ਚ ਸ਼ਾਮਲ ਇੱਕ ਜੱਥੇ ਦਾ ਮੈਂਬਰ ਸੀ। ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਦੋਂ ਬੀਤੇ ਦਿਨੀਂ ਉਕਤ ਵਿਅਕਤੀ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ, ਉਦੋਂ ਹੀ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਘਰ 'ਚ ਹੀ ਕੁਆਰੰਟੀਨ ਕਰ ਦਿੱਤਾ ਗਿਆ ਸੀ, ਪਰ ਅੱਜ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ 'ਚ ਆਈਸੋਲੇਟ ਕਰ ਦਿੱਤਾ ਗਿਆ ਹੈ। ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ 50 ਸਾਲਾ ਵਿਅਕਤੀ ਦੀ ਪਤਨੀ (48 ਸਾਲ) ਅਤੇ ਉਸ ਦੇ ਦੋਹਾਂ ਪੁੱਤਰਾਂ (26 ਤੇ 23 ਸਾਲ) ਦੇ ਸੈਂਪਲ ਮੰਗਲਵਾਰ ਰਾਤ ਨੂੰ ਲਏ ਗਏ ਸਨ। ਇਸ ਤੋਂ ਇਲਾਵਾ ਵਿਅਕਤੀ ਦੇ ਸੰਪਰਕ 'ਚ ਆਏ 8 ਹੋਰ ਲੋਕਾਂ ਦੇ ਸੈਂਪਲ ਲਏ ਸਨ, ਜਿਨ੍ਹਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ।