ਘਰਾਂ ਵਿੱਚ ਏ.ਸੀ.,ਕੂਲਰ, ਪੱਖੇ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ

Tags

ਅਪ੍ਰੈਲ ਦਾ ਮਹੀਨਾ ਖਤਮ ਹੋਣ ਤੇ ਹੈ ਤੇ ਪੂਰੇ ਦੇਸ਼ ਵਿਚ ਗਰਮੀ ਵਧਣ ਲੱਗੀ ਹੈ ਅਤੇ ਲੋਕ ਇਸ ਤੋਂ ਰਾਹਤ ਪਾਉਣ ਲਈ ਏ.ਸੀ. ਅਤੇ ਕੂਲਰ ਚਲਾਉਣਾ ਸ਼ੁਰੂ ਕਰ ਦਿੰਦੇ ਹਨ ਪਰ ਇਸ ਵਾਰ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਲੋਕ ਏ.ਸੀ. ਅਤੇ ਕੂਲਰ ਚਲਾਉਣ ਤੋਂ ਬੱਚ ਰਹੇ ਹਨ। ਇਸ ਮੌਕੇ ਵਧਦੀ ਗਰਮੀ ਅਤੇ ਕਈ ਥਾਂ ਪਾਰਾ 40 ਡਿਗਰੀ ਤੱਕ ਪਹੁੰਚ ਜਾਣ ਤੋਂ ਬਾਅਦ ਸਰਕਾਰ ਨੇ ਏ.ਸੀ. ਅਤੇ ਕੂਲਰ ਚਲਾਉਣ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕੀਤੀ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਆਮ ਲੋਕ ਕਿਸ ਤਰੀਕੇ ਨਾਲ ਕੂਲਰ ਅਤੇ ਏ.ਸੀ. ਦੀ ਵਰਤੋਂ ਕਰ ਸਕਦੇ ਹਨ।

ਇਸ ਸਬੰਧੀ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋਣ ਦੇ ਚੱਲਦਿਆਂ AC/ਕੂਲਰਾਂ ਦਾ ਕੋਵਿਡ-19 ਦੇ ਮੱਦੇਨਜ਼ਰ ਸੁਰੱਖਿਅਤ ਢੰਗ ਨਾਲ ਵਰਤੋਂ ਕਰਨ ਸਬੰਧੀ ਕੁਝ ਸਵਾਲੀਆ ਨਿਸ਼ਾਨ ਸਾਹਮਣੇ ਆਏ ਹਨ। ਏਅਰ ਕੰਡੀਸ਼ਨਰ ਇੱਕ ਕਮਰੇ ਵਿਚਲੀ ਹਵਾ ਨੂੰ ਘੁੰਮਾ ਕੇ ਰੀ-ਸਰਕੁਲੇਟ ਕਰਕੇ ਦੁਬਾਰਾ ਠੰਡਾ ਕਰਨ ਦੇ ਨਿਯਮ 'ਤੇ ਕੰਮ ਕਰਦਾ ਹੈ ਅਤੇ ਮੌਜੂਦਾ ਕੋਵਿਡ-19 ਦੀ ਸਥਿਤੀ ਵਿੱਚ ਕੁਝ ਚਿੰਤਾਜਨਕ ਸ਼ੰਕਾਵਾਂ ਸਾਹਮਣੇ ਆ ਰਹੀਆਂ ਹਨ ਕਿ ਏਅਰ ਕੰਡੀਸ਼ਨਰ ਦੀ ਵਰਤੋਂ ਵੱਡੇ ਸਥਾਨਾਂ ਜਿਵੇਂ ਕਿ ਮਾਲ, ਦਫ਼ਤਰ, ਹਸਪਤਾਲ ਆਦਿ ਵਿੱਚ ਵਰਤੋਂ ਦੇ ਨਾਲ ਲੋਕਾਂ ਲਈ ਵੱਡਾ ਖ਼ਤਰਾ ਹੋ ਸਕਦਾ ਹੈ।

ਵੱਖ-ਵੱਖ ਥਾਵਾਂ 'ਚ ਏਅਰ ਕੰਡੀਸ਼ਨਿੰਗ ਦੀ ਵਰਤੋਂ ਸਬੰਧੀ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਗਿਆ ਹੈ ਕਿ ਰਿਹਾਇਸ਼ੀ ਥਾਵਾਂ ਤੇ ਕਮਰੇ ਵਿੱਚ ਏਅਰ ਕੰਡੀਸ਼ਨਰਜ਼ ਦੀ ਠੰਡੀ ਹਵਾ ਦੇ ਨਾਲ-ਨਾਲ ਥੋੜ੍ਹੀ ਜਿਹੀ ਤਾਕੀ ਖੁੱਲੀ ਰੱਖ ਕੇ ਅਤੇ ਐਗਜ਼ਾਸਟ ਫੈਨ ਰਾਹੀਂ ਬਾਹਰਲੀ ਹਵਾ ਨੂੰ ਵੀ ਆਉਣ ਦੇਣਾ ਚਾਹੀਦਾ ਹੈ ਤਾਂ ਜੋ ਕੁਦਰਤੀ ਫਿਲਟ੍ਰੇਸ਼ਨ ਦੁਆਰਾ ਨਿਕਾਸੀ ਹੋ ਸਕੇ। ਕਮਰੇ ਦਾ ਤਾਪਮਾਨ 24 ਤੋਂ 27 ਡਿਗਰੀ ਸੈਲਸੀਅਸ ਦੇ ਵਿਚਕਾਰ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ ਅਤੇ ਨਮੀ 40%- 70% ਦੇ ਵਿਚਕਾਰ ਹੋਣੀ ਚਾਹੀਦੀ ਹੈ। ਫਿਲਟਰਾਂ ਨੂੰ ਸਾਫ਼ ਰੱਖਣ ਲਈ ਸਮੇਂ-ਸਮੇਂ 'ਤੇ ਏਅਰ ਕੰਡੀਸ਼ਨਰਾਂ ਦੀ ਮੁਰੰਮਤ ਕੀਤੀ ਜਾਣੀ ਚਾਹੀਦੀ ਹੈ। ਕਮਰਿਆਂ ਵਿੱਚ ਵੱਡੀ ਗਿਣਤੀ ਵਿੱਚ ਨਿਕਾਸੀ ਪੱਖੇ (ਐਗਜ਼ਾਸਟ ਫੈਨ) ਲਗਾਏ ਜਾ ਸਕਦੇ ਹਨ ਤਾਂ ਜੋ ਕਮਰੇ ਵਿੱਚ ਇੱਕ ਨਕਾਰਾਤਮਕ ਦਬਾਅ ਬਣਾਇਆ ਜਾ ਸਕੇ ਅਤੇ ਤਾਜ਼ੀ ਹਵਾ ਦੇ ਅੰਦਰ ਆਉਣ ਨੂੰ ਯਕੀਨੀ ਬਣਾਇਆ ਜਾ ਸਕੇ। ਕਮਰੇ ਦੇ ਅੰਦਰ ਘੁੰਮਦੀ ਹਵਾ ਅਕਸਰ ਬਾਹਰ ਕੱਢੀ ਜਾਣੀ ਚਾਹੀਦੀ ਹੈ।

ਕੂਲਰਾਂ ਆਦਿ ਦੀ ਪਾਣੀ ਦੀ ਟੈਂਕੀ ਨੂੰ ਖਾਲੀ ਕਰਕੇ ਫਿਰ ਨਰਮ ਕੱਪੜੇ, ਸਪੰਜ ਅਤੇ ਗਰਮ ਪਾਣੀ ਨਾਲ ਪੂੰਝਿਆ ਜਾਣਾ ਚਾਹੀਦਾ ਹੈ ਤਾਂ ਜੋ ਪੁਰਾਣੀ ਸਫਾਈ ਤੋਂ ਬਾਅਦ ਜੰਮੀ ਰਹਿੰਦ-ਖੂੰਹਦ ਨੂੰ ਖਤਮ ਕੀਤਾ ਜਾ ਸਕੇ। ਕੂਲਰ ਦੇ ਟੈਂਕ ਨੂੰ ਹਲਕੇ ਸਾਬਣ ਵਾਲੇ ਪਾਣੀ ਨਾਲ ਵੀ ਧੋਤਾ ਜਾ ਸਕਦਾ ਹੈ ਅਤੇ ਫਿਰ ਸਾਫ਼ ਪਾਣੀ ਨਾਲ ਹੁੰਘਾਲ ਕੇ ਬਾਹਰ ਕੱਢਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੂਲਿੰਗ ਪੈਡਜ਼ ਅਤੇ ਹਵਾ ਦੇ ਹਵਾਦਿਆਂ ਨੂੰ ਠੰਡਾ ਰੱਖਣ ਲਈ 50-50 ਫੀਸਦੀ ਪਾਣੀ ਅਤੇ ਸਿਰਕੇ ਦੇ ਮਿਸ਼ਰਣ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਕਿਹਾ ਗਿਆ ਹੈ ਕਿ ਪੱਖਿਆਂ ਨੂੰ ਕੁਝ ਹੱਦ ਤਕ ਤਾਕੀਆਂ ਖੋਲ੍ਹ ਕੇ ਚਲਾਇਆ ਜਾਣਾ ਚਾਹੀਦਾ ਹੈ। ਜੇ ਐਗਜ਼ੌਸਟ ਫੈਨ ਨੇੜਲੇ ਸਥਾਨ `ਤੇ ਸਥਿਤ ਹੈ ਤਾਂ ਬਿਹਤਰ ਹਵਾਦਾਰੀ ਲਈ ਹਵਾ ਨੂੰ ਬਾਹਰ ਕੱਢਣ ਲਈ ਇਸ ਨੂੰ ਚੱਲਦਾ ਰੱਖਣਾ ਲਾਜ਼ਮੀ ਹੈ।